Good Bye: ਅਲਵਿਦਾ ਹਰਜੀਤ ਦੌਧਰੀਆ
ਸ਼ਬਦਾਂ ਦਾ ਜਾਦੂਗਰ ਤੇ ਗੜ੍ਹਕਦੀ ਆਵਾਜ਼ ਦਾ ਮਾਲਕ, ਤੁਰ ਗਿਆ ਮੇਰਾ ਯਾਰ ਅੰਕਲ ਹਰਜੀਤ ਦੌਧਰੀਆ ! ਹਰਜੀਤ ਅੰਕਲ, ਕੁਝ ਕੁ ਦਿਨ Surrey Memorial hospital ਚ’ ਰਹਿ ਕੇ ਸਾਨੂੰ ਸਦੀਵੀ ਸਲਾਮ ਕਹਿ ਗਏ ਐ। ਉਹ 94 ਸਾਲ ਦੇ ਸਨ।
ਉਹਨਾਂ ਦਾ ਜਨਮ 1931 ਦਾ ਸੀ ਤੇ ਉਹਨਾਂ ਦੇ ਹੀ ਕਥਨ ਮੁਤਾਬਿਕ, ਉਹਨਾਂ ਨੇ ਜ਼ਿੰਦਗੀ ਦੁਨੀਆਂ ਚ ਰਹਿ ਕੇ, ਖਹਿ ਕੇ, ਕਹਿ ਕੇ, ਸਹਿ ਕੇ ਤੇ ਬਹਿ ਕੇ ਜਿਉਂਈ ਐਂ।
ਇੱਕ ਜਿੰਦਾਦਿਲ, ਸਦਾ ਚੜ੍ਹਦੀਆ ਕਲਾਂ ਚ ਰਹਿਣ ਵਾਲਾ, ਚੰਗਾ ਬੁਲਾਰਾ ਤੇ ਹਾਸੇ ਵੰਡਦਾ ਇਨਸਾਨ ਅਜ ਚੁੱਪ ਹੋ ਗਿਐ !
ਮੈਂ ਆਪਣੀ ਜ਼ਿੰਦਗੀ ਚ’ ਇਕਾਗਰ ਤੇ ਪਰਪੱਕ ਵਿਚਾਰਧਾਰਾ ਨਾਲ ਵਸੀਹ ਜ਼ਿੰਦਗੀ ਨੂੰ ਜਿਉਂਦਾ ਪਹਿਲਾ ਬੰਦਾ ਵੇਖਿਆ ਤੇ ਮਾਣਿਆ ਹੈ !
ਇਸ ਵਿੱਚ ਕੋਈ ਅਤਿਕਥਨੀ ਨਹੀਂ, ਕਿ ਮੈਂ 94 ਸਾਲ ਦੇ ਜੁਆਨ ਨੂੰ ਮਿਲਦਾ ਰਿਹੈਂ !
ਅਸਲ ਚ’ ਅੰਕਲ ਮੇਰੇ ਪਾਪਾ ਜੀ, ਸ. ਅਜਮੇਰ ਸਿੰਘ ਬਰਾੜ ਦੇ ਗੂੜ੍ਹੇ ਮਿੱਤਰ ਸਨ। ਦੋਹਾਂ ਦੀ ਪੰਜਾਬ ਖੇਤੀਬਾੜੀ ਕਾਲਿਜ ਲੁਧਿਆਣਾ ਵੇਲੇ ਦੀ ਯਾਰੀ ਤੇ ਦੋਹਾਂ ਦਾ ਭਰਾਵਾਂ ਤੋਂ ਵੱਧ ਪਿਆਰ ਰਿਹਾ।
1991 ਚ ਮੇਰੇ ਪਾਪਾ ਜੀ ਦੀ ਬੇਵਕਤੀ ਮੌਤ ਤੋਂ ਬਾਅਦ ਮੇਰੇ ਹਰ ਦੁਖਦੇ-ਸੁੱਖਦੇ ਤੇ ਮੇਰੀ ਪਿੱਤਰ ਨਿਗਰਾਨੀ ਦਾ ਉਹਨਾਂ ਨੇ ਆਪਣਾ ਫਰਜ਼ ਸਮਝਿਆ, ਪੀੜਾਂ ਨੂੰ ਜਰਨ ਤੇ ਤਕੜੇ ਹੋ ਕੇ ਲੜਨ ਦੇ ਦਾਅ ਸਿਖਾਏ, ਜਦੋਂ ਮੇਰੇ ਨੇੜਲੇ ਭਰ-ਭਰ ਚੂੰਢੀਆਂ ਵੱਢ ਰਹੇ ਸਨ।
ਪੰਜਾਬ ਵਿੱਚ, ਹਾਈ ਸਕੂਲ ਟੀਚਰ ਤੋਂ ਬਾਅਦ ਵਿੱਚ Agriculture training collage ਦੇ ਪ੍ਰਿੰਸੀਪਲ ਰਹੇ।
ਗੁਰਬਖਸ ਸਿੰਘ ਪ੍ਰੀਤ ਲੜੀ ਦੇ ਪ੍ਰੀਤ ਨਗਰ ਦੇ ਰੰਗੀਨ ਸੁਪਨੇ ਵੀ ਦੇਖੇ ਤੇ ਆਪਣੇ ਬਾਪ ਸਮੇਤ ਪ੍ਰੀਤ ਨਗਰ ਦੇ ਝੋਨੇ ਚੋਂ ਦੋ ਕੁ ਸਾਲ ਡੀਲਾ ਵੀ ਕੱਢਿਆ। ਫਿਰ 1965 ਵਿੱਚ ਇੰਗਲੈਂਡ ਆ ਵਸੇ, Ford ਕੰਪਨੀ ਵਿੱਚ ਕੰਮ ਕੀਤਾ ਪਰ ਸਾਰੀ ਉਮਰ ਕਾਰ ਨਾ ਖਰੀਦੀ ਤੇ ਨਾ ਚਲਾਈ। ਫਿਰ 1990 ਵਿੱਚ Delta, BC ਕੈਨੇਡਾ ਆ ਗਏ। ਉਹਨਾਂ ਨੇ ਕਈ ਕਿਤਾਬਾਂ ਵੀ ਲਿਖੀਆਂ, ਜੋ ਕਾਫੀ ਚਰਚਿਤ ਰਹੀਆਂ, ਉਹਦਾ ਦੀਆ ਕਿਤਾਬਾਂ ਹਨ “ਸੱਚੇ ਮਾਰਗ ਚਲਦਿਆਂ” “ਤੁੰਮਿਆਂ ਵਾਲੀ ਜਵੈਂਣ” ਉਹਨਾਂ ਨੇ ਚੋਣਵੀਂ ਕਵਿਤਾ “ਆਪਣੇ ਘਰ ਪਰਦੇਸੀ” ਛਾਪੀ। ਵਾਰਤਕ ਇੱਕ ਕਿਤਾਬ ਵਿੱਚ ਇਕੱਠੀ ਕਰ ਦਿੱਤੀ ਜੀਹਦਾ ਨਾਮ ਐਂ “ਹੇਠਲੀ ਉੱਤੇ”।
ਉਹ ਬਹੁਤ ਚਿਰ ਇੰਗਲੈਂਡ ਚੋਂ ਇੱਕ ਮਹੀਨਾਵਾਰੀ ਅਖ਼ਬਾਰ ਵੀ ਕੱਢਦੇ ਰਹੇ, ਤੇ ਬਹੁਤਿਆ ਨੇ ਉਹਨਾਂ ਦੇ ਹੱਡੀਂ ਬਾਲ ਕੇ ਤਪਾਏ ਤਵੇ ਤੇ ਰੋਟੀਆਂ ਰਾੜੀਆਂ ਤੇ ਕਈਆਂ ਨੇ ਸਾੜ ਵੀ ਲਈਆਂ।
ਲੇਖਕ ਵਰਗ ਵਿੱਚ ਉਹਨਾਂ ਦੇ ਬਹੁਤ ਨੇੜਲੇ ਤੇ ਨੀਲੇ ਯਾਰ ਵੀ ਰਹੇ, ਪਰ ਕਈਆਂ ਨੇ ਉਹਨਾਂ ਦਾ ਡੋਲੂ ਵੀ ਖੁਰਚ-ਖੁਰਚ ਕੇ ਮਾਂਜਿਆ!
ਮੈਨੂੰ ਉਹਨਾਂ ਦੀ ਸੰਗਤ ਮਾਨਣ ਦਾ ਸਬੱਬ ਛੋਟੇ ਹੁੰਦਿਆਂ ਤੋਂ ਮਿਲਦਾ ਰਿਹਾ। ਮੇਰੇ ਕੋਲ ਉਹ ਕੈਲਗਰੀ ਸਾਲ ਚ ਦੋ ਕੁ ਵਾਰੀ ਹਫਤਾ-ਹਫਤਾ ਲਾ ਜਾਂਦੇ ਸਨ।
ਮੈਂ ਬਹੁਤ ਕੁਝ ਜਿੰਦਗੀ ਚ ਉਹਨਾਂ ਤੋ ਸਿੱਖਿਐ। ਮੇਰੇ ਦੋਵੇ ਬੇਟੇ ਉਹਨਾਂ ਨੂੰ ਯੰਗਮੈਨ ਬਾਬਾ ਜੀ ਕਹਿੰਦੇ ਸਨ !
ਮਨ ਉਦਾਸ ਐ ਪਰ ਉਹਨਾਂ ਦੀ ਸੋਹਣੀ ਤੇ ਸੁਹਿਰਦ ਜ਼ਿੰਦਗੀ ਜਿਉਣ ਦੀ ਤਸੱਲੀ ਵੀ !
ਸੁੱਖ ਬਰਾੜ
ਕੈਲਗਰੀ(ਕੈਨੇਡਾ)
+1 (403) 472-7200