Gangster Lawrence Bishnoi ਜੇਲ੍ਹ ਇੰਟਰਵਿਊ ਮਾਮਲਾ
ਡੀਐਸਪੀ ਗੁਰਸ਼ੇਰ ਸਿੰਘ ਨੂੰ ਬਰਖ਼ਾਸਤ ਕਰਨ ਦੀ ਤਿਆਰੀ ‘ਚ ਸਰਕਾਰ
ਚੰਡੀਗੜ੍ਹ, 16ਦਸੰਬਰ(ਵਿਸ਼ਵ ਵਾਰਤਾ)Gangster Lawrence Bishnoi ਜੇਲ੍ਹ ਇੰਟਰਵਿਊ ਮਾਮਲੇ ਨੂੰ ਲੈ ਕੇ ਵੱਡੀ ਕਾਰਵਾਈ ਹੋਈ ਹੈ। ਪੰਜਾਬ ਸਰਕਾਰ ਨੇ ਮੁਅੱਤਲ ਡੀਐਸਪੀ ਗੁਰਸ਼ੇਰ ਸਿੰਘ (DSP Gursher Singh) ਨੂੰ ਬਰਖਾਸਤ ਕਰਨ ਦੀ ਮਨਜ਼ੂਰੀ ਦਿੱਤੀ ਹੈ। ਸਰਕਾਰ ਨੇ ਇਹ ਜਾਣਕਾਰੀ ਅੱਜ (ਸੋਮਵਾਰ ਨੂੰ) ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹੋਈ ਸੁਣਵਾਈ ਦੌਰਾਨ ਦਿੱਤੀ।
ਖਰੜ ਜੇਲ੍ਹ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਲਈ ਕਥਿਤ ਤੌਰ ’ਤੇ ਮਦਦ ਕਰਨ ਦੇ ਦੋਸ਼ ਵਿੱਚ ਡੀਐਸਪੀ ਗੁਰਸ਼ੇਰ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇਗਾ। ਡੀਐਸਪੀ ਦੀ ਫਾਈਲ PPSC ਨੂੰ ਭੇਜੀ ਗਈ ਹੈ, Punjab ਦੇ ADGP ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇਹ ਜਾਣਕਾਰੀ ਦਿੱਤੀ ਹੈ। ਇਸ ਮਾਮਲੇ ਦੀ ਮੁੜ ਸੁਣਵਾਈ 18 ਦਸੰਬਰ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਗੁਰਸ਼ੇਰ ਸਿੰਘ ਨੂੰ 25 ਅਕਤੂਬਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੇ ਨਾਲ ਹੀ 6 ਹੋਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਮਾਰਚ 2023 ਵਿੱਚ ਪ੍ਰਸਾਰਿਤ ਕੀਤੀ ਗਈ ਇੰਟਰਵਿਊ ਵੀਡੀਓ ਕਾਨਫਰੰਸ ਰਾਹੀਂ ਕੀਤੀ ਗਈ ਸੀ ਜਦੋਂ ਬਿਸ਼ਨੋਈ 3 ਅਤੇ 4 ਸਤੰਬਰ, 2022 ਨੂੰ ਸੀਆਈਏ ਦੀ ਹਿਰਾਸਤ ਵਿੱਚ ਸੀ। ਸਿੰਘ ਉਸ ਸਮੇਂ ਡੀਐਸਪੀ (ਇਨਵੈਸਟੀਗੇਸ਼ਨ) ਸਨ ਅਤੇ ਬਿਸ਼ਨੋਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਸਬੰਧਤ ਕੇਸ ਵਿੱਚ ਤਿਹਾੜ ਜੇਲ੍ਹ ਤੋਂ ਖਰੜ ਸੀਆਈਏ ਲਿਆਂਦਾ ਗਿਆ ਸੀ।
ਹੁਣ ਸਰਕਾਰ ਨੇ ਇਸ ਮਾਮਲੇ ਵਿਚ ਅਦਾਲਤ ਨੂੰ ਦੱਸਿਆ ਕਿ ਉਸ ਨੇ ਡੀਐਸਪੀ ਗੁਰਸ਼ੇਰ ਸਿੰਘ ਨੂੰ ਬਰਖਾਸਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਕਾਰਵਾਈ ਐਸਆਈਟੀ ਦੀ ਰਿਪੋਰਟ ਦੇ ਆਧਾਰ ‘ਤੇ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸ ਮਾਮਲੇ ਦੀ ਸੁਣਵਾਈ ਵੀ ਜਾਰੀ ਹੈ। ਇਸ ਦੌਰਾਨ ਹਾਈਕੋਰਟ ਨੇ ਮੁੜ ਸਵਾਲ ਕੀਤਾ ਕਿ ਜਦੋਂ ਲਾਰੈਂਸ ਦੀ ਇੰਟਰਵਿਊ ਦਾ ਮੁੱਦਾ ਉਠਿਆ ਸੀ ਤਾਂ ਡੀਜੀਪੀ ਪੰਜਾਬ ਨੇ ਇਹ ਕਿਉਂ ਕਿਹਾ ਸੀ ਕਿ ਇੰਟਰਵਿਊ ਪੰਜਾਬ ਵਿੱਚ ਨਹੀਂ ਹੋੋੋਇਆ ਹੈ। ਉਸ ਨੇ ਇਹ ਗੱਲ ਕਿਸ ਆਧਾਰ ‘ਤੇ ਕਹੀ? ਅਦਾਲਤ ਨੇ ਕਿਹਾ ਕਿ ਜੇਲ੍ਹ ਵਿਭਾਗ ਡੀਜੀਪੀ ਦੇ ਅਧੀਨ ਨਹੀਂ ਆਉਂਦਾ। ਅਜਿਹੇ ‘ਚ ਉਨ੍ਹਾਂ ਅਜਿਹਾ ਬਿਆਨ ਕਿਵੇਂ ਦਿੱਤਾ? ਡੀਜੀਪੀ ਨੇ ਪੰਜਾਬ ਦੀਆਂ ਜੇਲ੍ਹਾਂ ਨੂੰ ਕਲੀਨ ਚਿੱਟ ਦੇਣ ਦੀ ਜਲਦਬਾਜ਼ੀ ਕਿਉਂ ਕੀਤੀ? ਇਸ ਤੋਂ ਇਲਾਵਾ ਐਸਐਸਪੀ ਬਾਰੇ ਅਦਾਲਤ ਨੇ ਕਿਹਾ ਕਿ ਉਹ ਉਸ ਜ਼ਿਲ੍ਹੇ ਦੇ ਮੁੱਖ ਅਧਿਕਾਰੀ ਸਨ। ਉਸ ਨੂੰ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ। ਇਸ ‘ਤੇ ਸਰਕਾਰੀ ਵਕੀਲ ਨੇ ਕਿਹਾ ਕਿ ਐਸਆਈਟੀ ਨੇ ਉਨ੍ਹਾਂ ਦੀ ਕੋਈ ਭੂਮਿਕਾ ਦਾ ਖੁਲਾਸਾ ਨਹੀਂ ਕੀਤਾ ਹੈ।
ਜ਼ਿਕਰਯੋਗ ਹੈ ਕਿ ਲਾਰੈਂਸ ਦਾ ਪਹਿਲਾ ਇੰਟਰਵਿਊ 14 ਮਾਰਚ, 2023 ਨੂੰ ਪ੍ਰਸਾਰਿਤ ਕੀਤਾ ਗਿਆ ਸੀ। ਇਸ ਵਿੱਚ ਲਾਰੈਂਸ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਦੀ ਗੱਲ ਕਬੂਲੀ ਸੀ। ਆਪਣੇ ਦੂਜੇ ਇੰਟਰਵਿਊ ਵਿੱਚ ਲਾਰੈਂਸ ਨੇ ਜੇਲ੍ਹ ਦੇ ਅੰਦਰੋਂ ਇੰਟਰਵਿਊ ਦੇਣ ਦਾ ਸਬੂਤ ਵੀ ਦਿੱਤਾ ਸੀ। ਉਸ ਨੇ ਆਪਣੀ ਬੈਰਕ ਦਿਖਾ ਕੇ ਦੱਸਿਆ ਕਿ ਉਸ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ ਪਰ ਉਸ ਦਾ ਮੋਬਾਈਲ ਫੋਨ ਵੀ ਉਸ ਨਾਲ ਆਉਂਦਾ ਹੈ ਅਤੇ ਸਿਗਨਲ ਵੀ। ਲਾਰੈਂਸ ਨੇ ਆਪਣੇ ਇੰਟਰਵਿਊ ‘ਚ ਕਿਹਾ ਕਿ ਜੇਲ੍ਹ ਦੇ ਗਾਰਡ ਰਾਤ ਨੂੰ ਘੱਟ ਹੀ ਆਉਂਦੇ-ਜਾਂਦੇ ਹਨ, ਇਸ ਲਈ ਉਹ ਰਾਤ ਨੂੰ ਕਾਲ ਕਰਦੇ ਹਨ। ਲਾਰੈਂਸ ਮੁਤਾਬਕ ਜੇਲ੍ਹ ਦੇ ਅੰਦਰ ਮੋਬਾਈਲ ਫ਼ੋਨ ਬਾਹਰੋਂ ਸੁੱਟੇ ਜਾਂਦੇ ਹਨ। ਕਈ ਵਾਰ ਜੇਲ੍ਹ ਸਟਾਫ਼ ਉਨ੍ਹਾਂ ਨੂੰ ਫੜ ਵੀ ਲੈਂਦਾ ਹੈ ਪਰ ਬਹੁਤੀ ਵਾਰ ਮੋਬਾਈਲ ਫ਼ੋਨ ਉਨ੍ਹਾਂ ਤੱਕ ਪਹੁੰਚ ਜਾਂਦਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/