Fazilka News: ਡਿਪਟੀ ਕਮਿਸ਼ਨਰ ਅਤੇ ਐਸਪੀ ਅਬੋਹਰ ਤੋਂ ਅਯੋਧਿਆ ਤੱਕ ਦੌੜ ਲਗਾਉਣ ਵਾਲੇ ਮੁਹੱਬਤ ਦੀ ਹੌਸਲਾ ਅਫਜਾਈ ਲਈ ਕਿਲਿਆਂਵਾਲੀ ਪਹੁੰਚੇ
ਫਾਜਿਲਕਾ 11 ਫਰਵਰੀ (ਵਿਸ਼ਵ ਵਾਰਤਾ):- ਫਾਜ਼ਿਲਕਾ ਜਿਲੇ ਵਿੱਚ ਅਬੋਹਰ ਤੋਂ ਅਯੋਧਿਆ ਤੱਕ ਦੌੜ ਲਗਾਉਣ ਵਾਲੇ ਸੱਤ ਸਾਲਾਂ ਦੇ ਮੁਹੱਬਤ ਨਾਂ ਦੇ ਮੁੰਡੇ ਦੀ ਹੌਸਲਾ ਅਫਜਾਈ ਲਈ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਐਸਪੀ ਸ੍ਰੀ ਪ੍ਰਦੀਪ ਸਿੰਘ ਸੰਧੂ ਅੱਜ ਉਸਦੇ ਪਿੰਡ ਕਿਲਿਆਂਵਾਲੀ ਪਹੁੰਚੇ । ਪਿੰਡ ਵਿੱਚ ਹੋਏ ਇੱਕ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਮੁਹੱਬਤ ਦੀ ਹੌਸਲਾ ਅਫਜਾਈ ਕਰਦਿਆਂ ਆਖਿਆ ਕਿ ਇਹ ਇੱਕ ਬਹੁਤ ਚੰਗਾ ਉਪਰਾਲਾ ਹੈ ਅਤੇ ਇਹ ਛੋਟਾ ਬੱਚਾ ਜ਼ਿਲ੍ਹੇ ਦਾ ਮਾਣ ਹੈ ਜਿਸਨੇ ਫਾਜ਼ਿਲਕਾ ਦਾ ਨਾਮ ਦੇਸ਼ ਪੱਧਰ ਤੇ ਰੌਸ਼ਨ ਕੀਤਾ ਹੈ। ਉਨਾ ਨੇ ਕਿਹਾ ਕਿ ਇਹ ਬੱਚਾ ਹੋਰਨਾ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ ਅਤੇ ਨਸ਼ਾ ਮੁਕਤ ਸਮਾਜ ਸਿਰਜਨਾ ਲਈ ਇੱਕ ਪ੍ਰੇਰਕ ਵਜੋਂ ਕੰਮ ਕਰੇਗਾ। ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਪਰਵਰਿਸ਼ ਦੇਣ ਤਾਂ ਜੋ ਉਹਨਾਂ ਨੂੰ ਨਸ਼ਿਆਂ ਵਰਗੀਆਂ ਬੁਰੀਆਂ ਅਲਾਮਤਾਂ ਤੋਂ ਬਚਾਇਆ ਜਾ ਸਕੇ। ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਅਤੇ ਹੋਰ ਉਸਾਰੂ ਗਤੀਵਿਧੀਆਂ ਵਿੱਚ ਜੋੜਾਂਗੇ ਤਾਂ ਉਹ ਚੰਗੇ ਨਾਗਰਿਕ ਵਜੋਂ ਵੱਡੇ ਹੋ ਕੇ ਦੇਸ਼ ਦਾ ਨਾਂ ਰੌਸ਼ਨ ਕਰਨਗੇ।
ਇਸ ਤੋਂ ਪਹਿਲਾਂ ਬੋਲਦਿਆਂ ਐਸਪੀ ਪ੍ਰਦੀਪ ਸਿੰਘ ਸੰਧੂ ਨੇ ਕਿਹਾ ਕਿ ਮੁਹੱਬਤ ਸਾਡੇ ਸਮਾਜ ਲਈ ਇੱਕ ਰੋਲ ਮਾਡਲ ਹੈ । ਉਹਨਾਂ ਨੇ ਦੱਸਿਆ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਸਾਡੇ ਬੱਚਿਆਂ ਵਿੱਚ ਕਿੰਨੀ ਊਰਜਾ ਹੈ। ਜਰੂਰਤ ਹੈ ਇਸ ਊਰਜਾ ਨੂੰ ਸਹੀ ਦਿਸ਼ਾ ਦਿੱਤੀ ਜਾਵੇ। ਉਨਾਂ ਨੇ ਮੁਹੱਬਤ ਨੂੰ ਸਮਾਜ ਲਈ ਉਮੀਦ ਦੀ ਕਿਰਨ ਦੱਸਦਿਆਂ ਕਿਹਾ ਕਿ ਅਸੀਂ ਮਿਲ ਕੇ ਇੱਕ ਨਸ਼ਾ ਮੁਕਤ ਸਮਾਜ ਦੀ ਸਿਰਜਨਾ ਕਰਨ ਵਿੱਚ ਸਫਲ ਹੋਵਾਂਗੇ ।
ਇਸ ਤੋਂ ਪਹਿਲਾਂ ਮੁਹੱਬਤ ਨੇ ਆਪਣੇ ਪਿੰਡ ਦੇ ਲੋਕਾਂ ਅਤੇ ਚਾਹੁਣ ਵਾਲਿਆਂ ਦੇ ਨਾਲ ਸ੍ਰੀ ਬਾਲਾ ਜੀ ਧਾਮ ਅਬੋਹਰ ਤੋਂ ਪਿੰਡ ਤੱਕ ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ ਵੀ ਕੱਢੀ। ਇਸ ਮੌਕੇ ਪਿੰਡ ਦੀ ਪੰਚਾਇਤ ਵੱਲੋਂ ਸਰਪੰਚ ਦੇਸਾ ਸਿੰਘ ਅਤੇ ਸੀਨੀਅਰ ਆਪ ਆਗੂ ਉਪਕਾਰ ਸਿੰਘ ਜਾਖੜ ਦੀ ਅਗਵਾਈ ਵਿੱਚ ਮੁਹੱਬਤ ਨੂੰ 5100 ਰੁਪਏ ਦਾ ਇਨਾਮ ਵੀ ਦਿੱਤਾ ਗਿਆ। ਉਸਨੂੰ ਇਸ ਇਨਾਮੀ ਰਾਸ਼ੀ ਦਾ ਚੈੱਕ ਡਿਪਟੀ ਕਮਿਸ਼ਨਰ ਨੇ ਪੰਚਾਇਤ ਦੀ ਤਰਫੋਂ ਸੌਂਪਿਆ। ਇਸ ਮੌਕੇ ਦੇਸ਼ੀ ਟਾਰਜਨ ਨੇ ਵੀ ਨੌਜਵਾਨਾਂ ਨੂੰ ਸਿਹਤ ਸੰਭਾਲ ਸਬੰਧੀ ਜਾਗਰੂਕ ਕੀਤਾ। ਇੱਥੇ ਪਹੁੰਚਣ ਤੇ ਮੁਹੱਬਤ ਦੇ ਪਿਤਾ ਰਿੰਕੂ ਨੇ ਡਿਪਟੀ ਕਮਿਸ਼ਨਰ ਅਤੇ ਐਸਪੀ ਪ੍ਰਦੀਪ ਸੰਧੂ ਦਾ ਸਵਾਗਤ ਕੀਤਾ ਅਤੇ ਮੁਹੱਬਤ ਦੇ ਅਯੋਧਿਆ ਤੱਕ ਦੇ ਸਫਰ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਸਨੇ 1100 ਕਿਲੋਮੀਟਰ ਦਾ ਇਹ ਸਫਰ 56 ਦਿਨਾਂ ਵਿੱਚ ਦੌੜ ਕੇ ਪੂਰਾ ਕੀਤਾ ਹੈ।
ਇਸ ਮੌਕੇ ਸਮਾਜ ਦੇ ਵੱਖ-ਵੱਖ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਗਗਨਦੀਪ ਕੌਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਐਸ ਡੀ ਓ ਰਤਨਜੋਤ ਸਿੰਘ ਵੀ ਹਾਜ਼ਰ ਸਨ। (Fazilka News)