Fazilka News: ਪਿੰਡ ਅਚੜਕੀ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨ ਸਿਖਲਾਈ ਕੈਂਪ ਲਗਾਇਆ
ਕਿਸਾਨਾਂ ਨੂੰ ਨਰਮੇ ਦੀਆਂ ਛਟੀਆਂ ਨੂੰ ਝਾੜ ਕੇ ਰੱਖਣ ਦੀ ਅਪੀਲ
ਫਾਜ਼ਿਲਕਾ, 3 ਮਾਰਚ (ਵਿਸ਼ਵ ਵਾਰਤਾ):- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ ਅਚੜਕੀ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਵਿਜੇਪਾਲ ਖੇਤੀਬਾੜੀ ਵਿਕਾਸ ਅਫਸਰ ਨੇ ਵਿਭਾਗ ਦੀਆਂ ਚੱਲ ਰਹੀਆਂ ਵੱਖ ਵੱਖ ਸਕੀਮਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ।
ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਅਬੋਹਰ ਤੋਂ ਪਹੁੰਚੇ ਡਾ ਜਗਦੀਸ਼ ਅਰੋੜਾ ਨੇ ਬਾਗਬਾਨੀ ਫਸਲਾਂ ਦੀ ਸਾਂਭ-ਸੰਭਾਲ, ਕੀਟ ਪ੍ਰਬੰਧਨ ਅਤੇ ਖਾਦ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ। ਡਾ ਪਰਮਿੰਦਰ ਸਿੰਘ ਧੰਜੂ ਬਲਾਕ ਖੇਤੀਬਾੜੀ ਅਫਸਰ ਖੂਈਆਂ ਸਰਵਰ ਨੇ ਕਿਸਾਨਾਂ ਨੂੰ ਪਿਛਲੇ ਸੀਜ਼ਨ ਦੀਆਂ ਨਰਮੇ ਦੀਆਂ ਛਟੀਆਂ ਨੂੰ ਝਾੜ ਕੇ ਰੱਖਣ ਦੀ ਅਪੀਲ ਕੀਤੀ ਤਾਂ ਜੋ ਆਉਣ ਵਾਲੀ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਤੋਂ ਬਚਾਇਆ ਜਾ ਸਕੇ।
ਇਸ ਮੌਕੇ ਗੁਰਵਿੰਦਰ ਸਿੰਘ ਖੇਤੀਬਾੜੀ ਸਬ ਇੰਸਪੈਕਟਰ, ਮਨਪ੍ਰੀਤ ਸਿੰਘ ਏ.ਟੀ.ਐਮ., ਮਲਕੀਤ ਸਿੰਘ ਸਰਪੰਚ ਅਚੜਕੀ, ਜਗਜੀਤ ਸਿੰਘ ਸਰਪੰਚ ਭੰਗਰ ਖੇੜਾ ਦੇ ਨਾਲ ਨਾਲ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।