Fazilka News: ਡੇਂਗੂ ਦੇ ਮਰੀਜਾਂ ਲਈ ਸਿਵਲ ਹਸਪਤਾਲ ਫਾਜਿਲਕਾ ਵਿੱਚ ਵਿਸ਼ੇਸ਼ ਡੇਂਗੂ ਵਾਰਡ ਕੀਤਾ ਗਿਆ ਹੈ ਸਥਾਪਤ – ਡਾ ਐਰਿਕ ਕਾਰਜਕਾਰੀ ਸਿਵਲ ਸਰਜਨ
ਡਾ ਐਰਿਕ ਵੱਲੋਂ ਸਿਵਲ ਹਸਪਤਾਲ ਫਾਜਿਲਕਾ ਵਿਖੇ ਬਣੇ ਡੇਂਗੂ ਵਾਰਡ ਦਾ ਕੀਤਾ ਦੌਰਾ
ਫਾਜ਼ਿਲਕਾ, 20 ਸਤੰਬਰ (ਵਿਸ਼ਵ ਵਾਰਤਾ):-:ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਡਾ ਐਰਿਕ ਕਾਰਜਕਾਰੀ ਸਿਵਲ ਸਰਜਨ ਦੀ ਅਗਵਾਈ ਵਿੱਚ ਸਿਹਤ ਵਿਭਾਗ ਫਾਜਿਲਕਾ ਵਲੋਂ ਲੋਕਾਂ ਨੂੰ ਡੇਂਗੂ ਤੋਂ ਬਚਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਅੱਜ ਡਾ ਐਰਿਕ ਨੇ ਸਿਵਲ ਹਸਪਤਾਲ ਫਾਜਿਲਕਾ ਵਿੱਚ ਵਿਸ਼ੇਸ਼ ਡੇਂਗੂ ਵਾਰਡ ਦਾ ਦੌਰਾ ਕੀਤਾ ਅਤੇ ਨਿਰੀਖਣ ਕੀਤਾ।
ਇਸ ਸਮੇਂ ਜਾਣਕਾਰੀ ਦਿੰਦਿਆ ਡਾ ਐਰਿਕ ਨੇ ਦੱਸਿਆ ਕਿ ਜਿਲ੍ਹੇ ਦੇ ਸਾਰੇ ਸਿਵਲ ਹਸਪਤਾਲਾਂ ਵਿਚ ਡੇਂਗੂ ਦੇ ਮਰੀਜਾਂ ਲਈ ਵਿਸ਼ੇਸ਼ ਡੇਂਗੂ ਵਾਰਡ ਬਣਾਏ ਗਏ ਹਨ ਜਿੱਥੇ ਕਿ ਮੱਛਰਦਾਨੀ ਵਾਲੇ ਬੈੱਡ ਲਗਾਏ ਗਏ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ, ਸਿੱਖਿਆ ਵਿਭਾਗ, ਨਗਰ ਕਾਊਂਸਲਾਂ, ਸਰਪੰਚਾਂ, ਐਨ.ਜੀ.ਓ. ਆਦਿ ਨਾਲ ਤਾਲ ਮੇਲ ਕਰਕੇ ਡੇਂਗੂ ਦੀ ਰੋਕਥਾਮ ਸਬੰਧੀ ਲੋੜੀਂਦੀਆਂ ਗਤੀਵਿਧੀਆਂ ਕੀਤੀਆ ਜਾ ਰਹੀਆਂ ਹਨ ਤਾਂ ਜੋ ਲੋਕਾਂ ਵਿਚ ਇਸ ਬੀਮਾਰੀ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕੀਤੀ ਜਾਵੇ।ਸਕੂਲ ਅਤੇ ਕਾਲਜ ਵਿਚ ਡੇਂਗੂ ਦੀ ਰੋਕਥਾਮ ਲਈ ਸੈਮੀਨਾਰ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਜਿਲ੍ਹਾ ਫਾਜਿਲਕਾ ਵਿਚ ਇਸ ਸਾਲ ਹੁਣ ਤੱਕ ਇੱਕ ਡੇਂਗੂ ਪਾਜ਼ੀਟਿਵ ਕੇਸ ਰਿਪੋਰਟ ਹੋ ਗਿਆ ਹੈ, ਇਸ ਲਈ ਸਾਨੂੰ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ ਤਾਂ ਜੋ ਇਸ ਬੀਮਾਰੀ ਤੋਂ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਬਚਾਇਆ ਜਾ ਸਕੇ।
ਉਹਨਾਂ ਸਮੂਹ ਸਟਾਫ਼ ਨੂੰ ਕਿਹਾ ਕਿ ਸਿਵਲ ਹਸਪਤਾਲ ਵਿਖੇ ਰੋਜਾਨਾ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਹਸਪਤਾਲ ਵਿਚ ਕਿਸੇ ਜਗ੍ਹਾ ਤੇ ਪਾਣੀ ਖੜ੍ਹਾ ਨਾ ਹੋਵੇ। ਡੇਂਗੂ ਦੇ ਮਰੀਜਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਵਰਗੇ ਲੱਛਣਾਂ ਵਾਲੇ ਮਰੀਜ਼ ਸਿਵਲ ਹਸਪਤਾਲ ਫਾਜਿਲਕਾ ਵਿਖੇ ਡੇਂਗੂ ਟੈਸਟ ਜਰੂਰ ਕਰਵਾਉਣ। ਇਸ ਦਾ ਟੈਸਟ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ।