Fazilka : ਰਾਤ ਸਮੇਂ ਝੋਨੇ ਦੀ ਕਟਾਈ ਤੇ ਪਾਬੰਦੀ ਦੇ ਹੁਕਮ ਜਾਰੀ, ਕੰਬਾਇਨ ਤੇ ਸੁਪਰ ਐਸਐਮਐਸ ਸਿਸਟਮ ਲਗਾਉਣਾ ਕੀਤਾ ਲਾਜਮੀ
ਫਾਜਿਲਕਾ, 28 ਸਤੰਬਰ(ਵਿਸ਼ਵ ਵਾਰਤਾ) -ਜ਼ਿਲ੍ਹਾ ਮੈਜਿਸਟਰੇਟ ਅਮਰਪ੍ਰੀਤ ਕੌਰ ਸੰਧੂ ਆਈਏਐਸ ਨੇ ਬੀ.ਐਨ.ਐਸ. 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਿ਼ਲ੍ਹਾ ਫਾਜਿ਼ਲਕਾ ਦੀ ਹਦੂਦ ਅੰਦਰ ਹਰੇ ਝੋਨੇ ਦੀ ਕਟਾਈ ਅਤੇ ਸ਼ਾਮ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਇਨ ਨਾਲ ਝੋਨੇ ਦੀ ਕਟਾਈ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਝੋਨੇ ਦੀ ਕਟਾਈ ਕਰਨ ਵਾਲੀਆਂ ਕੰਬਾਇਨਾਂ ਦੇ ਮਾਲਕਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਕੋਈ ਵੀ ਕੰਬਾਇਨ ਹਾਰਵੈਸਟਰ ਸੁਪਰ ਐਸਐਮਐਸ ਲਗਾਏ ਬਿਨ੍ਹਾਂ ਫਸਲ ਦੀ ਕਟਾਈ ਨਹੀਂ ਕਰੇਗਾ। ਇਸ ਲਈ ਖੇਤੀਬਾੜੀ ਵਿਭਾਗ ਨੂੰ ਇੰਸਪੈਕਸ਼ਨ ਕਰਨ ਅਤੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਪਾਬੰਦ ਕੀਤਾ ਗਿਆ ਹੈ। ਹੁਕਮਾਂ ਦੀ ਉਲੰਘਣਾਂ ਕਰਨ ਤੇ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।ਇਹ ਹੁਕਮ ਮਿਤੀ 30 ਨਵੰਬਰ 2024 ਤੱਕ ਲਾਗੂ ਰਹਿਣਗੇ।
ਜਾਰੀ ਹੁਕਮਾਂ ਵਿਚ ਕਿਹਾ ਗਿਆ ਕਿ ਕਈ ਕੰਬਾਈਨ ਮਾਲਕਾਂ ਵੱਲੋਂ ਝੋਨੇ ਨੂੰ ਪੂਰੀ ਤਰ੍ਹਾਂ ਪੱਕਣ ਤੋਂ ਪਹਿਲਾਂ ਹੀ ਨਮੀ ਵਾਲਾ ਝੋਨਾ ਕੱਟ ਦਿੱਤਾ ਜਾਂਦਾ ਹੈ ਕਿ ਤੇ ਕਈ ਵਾਰ ਕਿਸਾਨਾਂ ਵੱਲੋਂ ਝੋਨੇ ਦੀ ਕਟਾਈ ਰਾਤ ਨੂੰ ਕੰਬਾਇਨਾਂ ਨਾਲ ਕੀਤੀ ਜਾਂਦੀ ਹੈ ਕਿ ਜਿਸ ਨਾਲ ਅਣਸੁਖਾਵੀ ਘਟਨਾ ਵਾਪਰਨ ਦਾ ਖਤਰਾ ਰਹਿੰਦਾ ਹੈ। ਕਿਸਾਨਾਂ ਵੱਲੋ ਨਮੀ ਵਾਲਾ ਝੋਨਾ ਮੰਡੀਆਂ ਵਿਚ ਲਿਆਉਣ ਕਰਕੇ ਖਰੀਦ ਏਜੰਸੀਆਂ ਵੱਲੋਂ ਬੋਲੀ ਨਹੀਂ ਕੀਤੀ ਜਾਂਦੀ ਹੈ ਜਿਸ ਕਰਕੇ ਮੰਡੀਆਂ ਵਿਚ ਤਣਾਅ ਪੂਰਨ ਸਥਿਤੀ ਪੈਦਾ ਹੋ ਜਾਂਦੀ ਹੈ ਤੇ ਝੋਨਾ ਸਮੇਂ ਸਿਰ ਨਾ ਵਿਕਣ ਕਾਰਨ ਕਿਸਾਨਾਂ ਵਿਚ ਰੋਸ ਪੈਦਾ ਹੁੰਦਾ ਹੈ। ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਹਰਾ ਝੋਨਾ ਕੱਟਣ ਅਤੇ ਰਾਤ ਨੂੰ ਝੋਨੇ ਦੀ ਕਟਾਈ *ਤੇ ਪਾਬੰਦੀ ਲਗਾਈ ਜਾਂਦੀ ਹੈ।