Farmers Protest : ਕਿਸਾਨਾਂ ਵੱਲੋਂ ਪੰਜਾਬ ਭਰ ‘ਚ ਅੱਜ ਕੀਤਾ ਜਾਵੇਗਾ ਰੇਲ ਰੋਕੋ ਅੰਦੋਲਨ
ਚੰਡੀਗੜ੍ਹ, 18ਦਸੰਬਰ(ਵਿਸ਼ਵ ਵਾਰਤਾ)ਪੰਜਾਬ-ਹਰਿਆਣਾ ਸਰਹੱਦ ਦੇ ਸ਼ੰਭੂ-ਖਨੌਰੀ ਸਰਹੱਦ ‘ਤੇ ਹੜਤਾਲ ‘ਤੇ ਬੈਠੇ ਕਿਸਾਨਾਂ ਵੱਲੋਂ ਅੱਜ ਪੰਜਾਬ ਭਰ ‘ਚ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ। ਕਿਸਾਨ ਅੱਜ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਰੇਲ ਪਟੜੀਆਂ ’ਤੇ ਧਰਨਾ ਦੇਣਗੇ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ 22 ਦਿਨ ਬੀਤ ਚੁੱਕੇ ਹਨ ਪਰ ਕੇਂਦਰ ਸਰਕਾਰ ਨੇ ਅਜੇ ਤੱਕ ਕਿਸਾਨਾਂ ਨਾਲ ਕੋਈ ਗੱਲ ਨਹੀਂ ਕੀਤੀ। ਸੰਯੁਕਤ ਕਿਸਾਨ ਮੋਰਚੇ ਵੱਲੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਰੇਲਵੇ ਸਟੇਸ਼ਨਾਂ ‘ਤੇ 3 ਘੰਟੇ ਲਈ ਰੇਲ ਚੱਕਾ ਜਾਮ ਕੀਤਾ ਜਾਵੇਗਾ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸ਼ੰਭੂ ’ਚ ਐਲਾਨ ਕੀਤਾ ਕਿ 18 ਦਸੰਬਰ ਨੂੰ ਕਿਸਾਨ ਦੁਪਹਿਰ 12 ਤੋਂ 3 ਵਜੇ ਤੱਕ ਰੇਲ ਰੋਕੋ ਅੰਦੋਲਨ ਤਹਿਤ ਰੇਲਵੇ ਟਰੈਕਾਂ ’ਤੇ ਧਰਨੇ ਦੇਣਗੇ।
ਕਿਸਾਨ ਆਗੂ ਸਰਵਨ ਸਿੰਘ ਪੰਧੇਰ ਵੱਲੋਂ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ, ਇਸ ਦੌਰਾਨ ਉਹਨਾਂ ਨੇ ਕਿਹਾ ਕਿ ਅਸੀਂ ਪਿਛਲੇ 309 ਦਿਨਾਂ ਤੋਂ ਸੰਘਰਸ਼ ਲੜ ਰਹੇ ਹਾਂ ਅਤੇ ਜਗਜੀਤ ਸਿੰਘ ਡੱਲੇਵਾਲ ਵੀ ਮਰਨ ਵਰਤ ਤੇ ਬੈਠੇ ਹੋਏ ਹਨ। ਸੱਤਾਧਾਰੀ ਅਤੇ ਵਿਰੋਧੀ ਧਿਰ ਪਾਰਟੀਆਂ ਵੀ ਇਸ ਦਾ ਮੁੱਦਾ ਨਹੀਂ ਚੁੱਕ ਰਹੀਆਂ ਤੇ ਜਗਜੀਤ ਸਿੰਘ ਡੱਲੇਵਾਲ ਦੀ ਚਿੰਤਾ ਕਿਸੇ ਨੂੰ ਨਹੀਂ ਹੈ। ਉਹਨਾਂ ਨੇ ਕਿਹਾ ਅਸੀਂ ਪੰਜਾਬ ਦੇ ਗਾਇਕਾਂ ਨੂੰ ਸਿੱਖ ਧਰਮ ਦੇ ਰਾਗੀ ਢਾਡੀ ਸਭਨਾਂ ਨੂੰ ਅਪੀਲ ਕਰਦੇ ਹਾਂ ਕਿ ਸਭ ਇੱਕ ਪਲੇਟਫਾਰਮ ਤੇ ਆ ਕੇ ਕਿਸਾਨੀ ਅੰਦੋਲਨ ਵਿੱਚ ਮਦਦ ਕਰਨ ਉਹਨਾਂ ਕਿਹਾ ਕਿ 18 ਦਸੰਬਰ ਨੂੰ ਅੰਮ੍ਰਿਤਸਰ ਚ ਨੌਂ ਥਾਵਾਂ ਤੇ ਅਤੇ ਪੂਰੇ ਪੰਜਾਬ ‘ਚ ਵੱਖ ਵੱਖ ਥਾਵਾਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਰੇਲਾਂ ਰੋਕ ਕੇ ਤਿੰਨ ਘੰਟੇ ਤੱਕ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਹਨਾਂ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਦੇਵੀਦਾਸਪੁਰਾ, ਬਿਆਸ, ਜੰਮੂ ਰੇਲਵੇ ਲਾਈਨ, ਡੇਰਾ ਬਾਬਾ ਨਾਨਕ ਰੇਲਵੇ ਲਾਈਨ, ਸਭ ਥਾਂ ਤੇ ਰੇਲਾਂ ਰੋਕ ਕੇ ਪ੍ਰਦਰਸ਼ਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਵਕੀਲਾਂ ,ਦੁਕਾਨਦਾਰਾਂ ,ਟਰਾਂਸਪੋਰਟਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਉਹ ਸਾਡੇ ਨਾਲ ਰੇਲਵੇ ਟਰੈਕਾਂ ਤੇ ਆ ਕੇ ਬੈਠਣ ਅਤੇ ਇਸ ਸੰਘਰਸ਼ ਵਿੱਚ ਸਾਥ ਦੇਣ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/