Farmers Protest : ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 25ਵੇਂ ਦਿਨ ‘ਚ ਦਾਖਲ
ਡੱਲੇਵਾਲ ਦੇ ਮਰਨ ਵਰਤ ‘ਤੇ ਸੁਪਰੀਮ ਕੋਰਟ ਅੱਜ ਮੁੜ ਕਰੇਗਾ ਸੁਣਵਾਈ
ਪੰਜਾਬ ਸਰਕਾਰ ਪੇਸ਼ ਕਰੇਗੀ ਡੱਲੇਵਾਲ ਦੀ ਬਲੱਡ ਟੈਸਟ, ਸੀਟੀ ਸਕੈਨ ਅਤੇ ਕੈਂਸਰ ਦੀ ਰਿਪੋਰਟ
ਚੰਡੀਗੜ੍ਹ, 20 ਦਸੰਬਰ (ਵਿਸ਼ਵ ਵਾਰਤਾ) ਹਰਿਆਣਾ-ਪੰਜਾਬ ਦੀ ਖਨੌਰੀ ਸਰਹੱਦ ‘ਤੇ ਪਿਛਲੇ 25 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ ‘ਚ ਅੱਜ 20 ਦਸੰਬਰ ਨੂੰ ਲਗਾਤਾਰ ਤੀਜੇ ਦਿਨ ਸੁਣਵਾਈ ਹੋਵੇਗੀ। ਸੁਣਵਾਈ ਦੌਰਾਨ ਪੰਜਾਬ ਸਰਕਾਰ ਜਗਜੀਤ ਡੱਲੇਵਾਲ ਦੇ ਬਲੱਡ ਟੈਸਟ, ਸੀਟੀ ਸਕੈਨ ਅਤੇ ਕੈਂਸਰ ਦੀ ਰਿਪੋਰਟ ਅਦਾਲਤ ਵਿੱਚ ਪੇਸ਼ ਕਰੇਗੀ। ਸੁਣਵਾਈ ਦੁਪਹਿਰ 12:30 ਵਜੇ ਸ਼ੁਰੂ ਹੋਵੇਗੀ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਰਿਪੋਰਟ ਪੇਸ਼ ਕਰਨ ਲਈ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ 4 ਡਾਕਟਰਾਂ ਦੀ ਟੀਮ ਬਣਾਈ ਹੈ। ਜਿਸ ਨੇ ਵੀਰਵਾਰ ਨੂੰ ਖਨੌਰੀ ਸਰਹੱਦ ਪਹੁੰਚ ਕੇ ਡੱਲੇਵਾਲ ਦੇ ਖੂਨ ਦੇ ਨਮੂਨੇ ਲਏ। ਅੱਜ ਸਰਕਾਰ ਆਪਣੀ ਰਿਪੋਰਟ ਲੈ ਕੇ ਸਵੇਰੇ ਸੁਪਰੀਮ ਕੋਰਟ ਜਾਵੇਗੀ।
ਦੱਸਣਯੋਗ ਹੈ ਕਿ ਬੀਤੇ ਦਿਨ (19 ਦਸੰਬਰ) ਹੋਈ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਇੱਕ 70 ਸਾਲ ਦਾ ਬਜ਼ੁਰਗ 24 ਦਿਨਾਂ ਤੋਂ ਭੁੱਖ ਹੜਤਾਲ ‘ਤੇ ਹੈ। ਕੌਣ ਹੈ ਡਾਕਟਰ ਜੋ ਡੱਲੇਵਾਲ ਨੂੰ ਬਿਨਾਂ ਕਿਸੇ ਟੈਸਟ ਦੇ ਸਹੀ ਦੱਸ ਰਿਹਾ ਹੈ? ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਸੂਬਾ ਸਰਕਾਰ ਨੂੰ ਡੱਲੇਵਾਲ ਦੀ ਬਲੱਡ ਟੈਸਟ ਰਿਪੋਰਟ,ਕੈਂਸਰ ਤੇ ਸੀਟੀ ਸਕੈਨ ਰਿਪੋਰਟ 20 ਦਸੰਬਰ ਦੁਪਹਿਰ 1 ਵਜੇ ਤੱਕ ਸੌਂਪਣ ਦੇ ਆਦੇਸ਼ ਦਿੱਤੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/