Farmers Protest : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਅੱਜ ਸੱਤਵੇਂ ਦਿਨ ਵੀ ਜਾਰੀ
ਡੱਲੇਵਾਲ ਦੀ ਸਿਹਤ ਹੋ ਰਹੀ ਖਰਾਬ, ਘਟਿਆ ਭਾਰ
ਚੰਡੀਗੜ੍ਹ, 2ਦਸੰਬਰ(ਵਿਸ਼ਵ ਵਾਰਤਾ) ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਅੱਜ ਸੱਤਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ। ਜਦੋਂ ਉਹ ਤੁਰਦੇ ਹਨ ਤਾਂ ਉਨ੍ਹਾਂ ਨੂੰ ਸਾਹ ਚੜ੍ਹਦਾ ਮਹਿਸੂਸ ਹੁੰਦਾ ਹੈ, ਉਹਨਾਂ ਦਾ ਭਾਰ ਲਗਭਗ 5 ਕਿਲੋ ਘਟ ਗਿਆ ਹੈ।ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ। ਉਹਨਾਂ ਨੇ ਕਿਹਾ ਕਿ 6 ਦਸੰਬਰ ਨੂੰ ਮਰਜੀਵੜੇ ਜਥਾ ਦਿੱਲੀ ਵੱਲ ਮਾਰਚ ਕਰੇਗਾ। ਇਹ ਉਹ ਸਮੂਹ ਹੈ ਜੋ ਜੀਵਨ ਜਾਂ ਮੌਤ ਦੀ ਚਿੰਤਾ ਕੀਤੇ ਬਿਨਾਂ ਅੱਗੇ ਵਧੇਗਾ। ਸਰਵਣ ਸਿੰਘ ਪੰਧੇਰ ਨੇ ਬੀਤੇ ਕੱਲ੍ਹ ਐਤਵਾਰ ਨੂੰ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਗੱਲਬਾਤ ਲਈ 5 ਦਸੰਬਰ ਤੱਕ ਦਾ ਸਮਾਂ ਹੈ। ਕੇਂਦਰ ਨੇ ਉਨ੍ਹਾਂ ਨਾਲ ਗੱਲਬਾਤ ਬੰਦ ਕਰ ਦਿੱਤੀ ਹੈ। ਇਹੀ ਕਾਰਨ ਹੈ ਕਿ ਕਿਸਾਨਾਂ ਨੂੰ ਇਹ ਕਦਮ ਚੁੱਕਣਾ ਪਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ’ਤੇ ਦੋਸ਼ ਲਾਇਆ ਗਿਆ ਕਿ ਉਹ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਜਾਂਦੇ ਹਨ। ਇਸ ਨਾਲ ਅਮਨ-ਕਾਨੂੰਨ ਦੀ ਸਥਿਤੀ ਵਿਗੜ ਜਾਵੇਗੀ। ਪਰ ਹੁਣ 6 ਦਸੰਬਰ ਨੂੰ ਕਿਸਾਨ ਪੈਦਲ ਹੀ ਦਿੱਲੀ ਜਾਣਗੇ। ਹਰਿਆਣਾ ਵਿੱਚ ਮਰਜੀਵੜੇ ਜਥੇ ਦੇ ਚਾਰ ਸਟਾਪ ਨਿਰਧਾਰਤ ਕੀਤੇ ਗਏ ਹਨ, ਪੰਜਵਾਂ ਸਟਾਪ ਦਿੱਲੀ ਵਿੱਚ ਹੋਵੇਗਾ। ਕਿਸਾਨ ਦਿੱਲੀ ਜਾਣ ਲਈ ਪੂਰੀ ਵਿਉਂਤਬੰਦੀ ਨਾਲ ਅੱਗੇ ਵਧਣਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/