Exit polls ਦੇ ਬੋਲਾਂ ਨੇ ਤਾਂ ਬਣਾ ਦਿੱਤੀ ਫਿਰ ਮੋਦੀ ਸਰਕਾਰ, ਪਰ ਵਿਰੋਧੀ ਧਿਰ ਦਾ ਹੈ ਮੰਨਣ ਤੋਂ ਇਨਕਾਰ, ਕੌਣ ਜਾਊਗਾ 272 ਤੋਂ ਪਾਰ, ਇਹ ਦੇਖਦੇ ਰਹੋ, ‘ਵਿਸ਼ਵ ਵਾਰਤਾ’ ਉਤੇ ਨਾਲੋਂ ਨਾਲ
ਦਿੱਲੀ, 3 ਜੂਨ (ਵਿਸ਼ਵ ਵਾਰਤਾ):- ਲੋਕਸਭਾ ਚੋਣਾਂ 2024 ਦੇ 7ਵੇ ਅਤੇ ਅੰਤਿਮ ਗੇੜ ਦੀ ਸਮਾਪਤੀ ਤੋਂ ਬਾਅਦ ਵੱਖੋ ਵੱਖਰੇ ਐਗਜ਼ਿਟ ਪੋਲ ਦੇ ਨਤੀਜਿਆਂ ‘ਚ ਐਨਡੀਏ ਦਾ 400 ਪਾਰ ਦਾ ਦਾਅਵਾ ਪੂਰਾ ਹੁੰਦਾ ਤਾ ਨਹੀਂ ਦਿੱਖ ਰਿਹਾ ਪਰ ਐਨਡੀਏ ਸਰਕਾਰ ਜਰੂਰ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ। ਇਹਨਾਂ ਨਤੀਜਿਆਂ ‘ਚ ਐਨਡੀਏ ਨੂੰ 300 ਜਾ ਇਸਤੋਂ ਵੱਧ ਸੀਟਾਂ ਮਿਲਦੀਆਂ ਦਿੱਖ ਰਹੀਆਂ ਹਨ। ਰਿਪਬਲਿਕ ਟੀਵੀ ਵਲੋਂ ਕੀਤੇ ਐਗਜ਼ਿਟ ਪੋਲ ਮੁਤਾਬਕ ਬੀਜੇਪੀ ਅਤੇ ਉਸਦੇ ਭਾਈਵਾਲ ਨੂੰ 359 ਸੀਟਾਂ ਮਿਲਣ ਦੀ ਸੰਭਾਵਨਾ ਹੈ ਜਦਕਿ INDIA ਗਠਜੋੜ ਨੂੰ 154 ਸੀਟਾਂ ਅਤੇ ਦੂਜਿਆਂ ਨੂੰ 30 ਸੀਟਾਂ ਮਿਲਦੀਆਂ ਦਿੱਖ ਰਹੀਆਂ ਹਨ। ਇੰਡੀਆ ਨਿਊਜ਼ ਦੇ ਐਗਜ਼ਿਟ ਪੋਲ ‘ਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਅਤੇ ਉਸਦੇ ਭਾਈਵਾਲਾਂ ਨੂੰ 371 ਸੀਟਾਂ ਮਿਲਣ ਦੀ ਸੰਭਾਵਨਾ ਜਤਾਈ ਗਈ ਹੈ। ਐਨਡੀਟੀਵੀ ਵਲੋਂ ਕੀਤੇ ਇਕ ਸਰਵੇ ਵਿਚ ਐਨਡੀਏ 362 ਤੋਂ 392 ਸ਼ੀਟਾਂ ਜਿੱਤਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਸਰਵੇ ‘ਚ INDIA ਗਠਜੋੜ 141 ਤੋਂ 161 ਸੀਟਾਂ ਜਿੱਤਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸੇ ਤਰਾਂ ਜੇਕਰ ਦੈਨਿਕ ਭਾਸਕਰ ਦੇ ਸਰਵੇ ਦੀ ਗੱਲ ਕਰੀਏ ਤਾ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਨੂੰ 281-350 ਸੀਟਾਂ ਮਿਲ ਸਕਦੀਆਂ ਹਨ ਅਤੇ ਵਿਰੋਧੀ ਗਠਜੋੜ ਨੂੰ 145-201 ਸੀਟਾਂ ਮਿਲ ਸਕਦੀਆਂ ਹਨ। ਹੋਰ ਪਾਰਟੀਆਂ ਨੂੰ 33 ਤੋਂ 49 ਸੀਟਾਂ ਮਿਲ ਸਕਦੀਆਂ ਹਨ।
ਇਹਨਾਂ ਤਮਾਮ ਨਤੀਜਿਆਂ ‘ਚ ਐਨਡੀਏ ਦੀ ਜਿੱਤ ਦੇ ਦਾਅਵਿਆਂ ਦੇ ਬਾਵਜੂਦ ਵਿਰੋਧੀ ਧਿਰ ਦੇ ਆਗੂਆਂ ਵੱਲੋ ਇਹਨਾਂ ਨਤੀਜਿਆਂ ਨੂੰ ਝੂਠ ਦੱਸਿਆ ਜਾ ਰਿਹਾ ਹੈ ਅਤੇ INDIA ਗਠਜੋੜ ਦੀ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਕਾਂਗਰਸ ਨੇ ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਫ਼ਰਜ਼ੀ ਕਰਾਰ ਦਿੱਤਾ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦਾਅਵਾ ਕੀਤਾ ਹੈ ਕਿ ਇੰਡੀਆ ਗਠਜੋੜ 295 ਜਿੱਤੇਗੀ ਅਤੇ 4 ਜੂਨ ਨੂੰ ਇਹ ਗੱਲ ਸਾਫ ਹੋ ਜਾਵੇਗੀ। ਰਾਹੁਲ ਗਾਂਧੀ ਨੇ ਵੀ ਤੰਜ ਕੱਸਦਿਆ ਕਿਹਾ ਹੈ ਕਿ ਇਹ ਐਗਜ਼ਿਟ ਪੋਲ ਨਹੀਂ ਮੋਦੀ ਪੋਲ ਹੈ, ਸਿੱਧੂ ਮੂਸੇਵਾਲਾ ਦੇ ਗਾਣੇ ਦਾ ਹਵਾਲਾ ਦਿੰਦਿਆਂ ਉਹਨਾਂ 295 ਸੀਟਾਂ ਦਾ ਦਾਅਵਾ ਕੀਤਾ ਹੈ। ਉਧਰ ਕੇਜਰੀਵਾਲ ਨੇ ਵੀ ਐਗਜ਼ਿਟ ਪੋਲ ਨੂੰ ਫਰਜ਼ੀ ਕਰਾਰ ਦਿੰਦਿਆਂ ਈਵੀਐਮ ਮਸ਼ੀਨਾਂ ਨਾਲ ਘਪਲੇ ਦਾ ਸ਼ੱਕ ਜਤਾਇਆ ਹੈ। ਚੋਣਾਂ ਤੋਂ ਤੁਰੰਤ ਬਾਅਦ ਕੀਤੀ ਗਈ ਵਿਰੋਧੀ ਧਿਰਾਂ ਦੀ ਮੀਟਿੰਗ ਵੀ ਉਨ੍ਹਾਂ ਦੀ ਜਿੱਤ ਦੀ ਉਮੀਦ ਨੂੰ ਦਰਸਾ ਰਹੀ ਹੈ। ਹੁਣ ਸਵਾਲ ਇਹ ਹੈ ਕਿ ਆਖਿਰ ਸਰਕਾਰ ਕਿਸਦੀ ਬਣੇਗੀ, ਸਰਕਾਰ ਬਣਾਉਣ ਲਈ ਐਨਡੀਏ ਪੱਬਾਂ ਭਰ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਤਾ ਵਿਰੋਧੀ ਧਿਰਾਂ ਨੂੰ ਵੀ ਸਰਕਾਰ ਬਣਾਉਣ ਹਿੱਤ ਬਣਦੀਆਂ ਸੀਟਾਂ ਮਿਲਣ ਦੀ ਉਮੀਦ ਹੈ। ਅਸਲ ਸਥਿਤੀ ਕਿ ਹੈ ਇਸਦਾ ਪਤਾ 4 ਜੂਨ ਨੂੰ ਨਤੀਜਿਆਂ ਤੋਂ ਬਾਅਦ ਹੀ ਲੱਗੇਗਾ।