ਵਿਦਿਆਰਥੀਆਂ ਦੀ ਸਕੂਲਾਂ ‘ਚ ਆਵਾਜਾਈ ਸੁਰੱਖਿਆ ਯਕੀਨੀ ਬਣਾਈ ਜਾਵੇ : SDM
-ਸੇਫ਼ ਸਕੂਲ ਵਾਹਨ ਨੀਤੀ ਸਬੰਧੀ ਸਕੂਲਾਂ ਦੇ ਮੁਖੀਆਂ ਨਾਲ ਮੀਟਿੰਗ
ਦੇਵੀਗੜ੍ਹ/ਭੁਨਰਹੇੜੀ/ਪਟਿਆਲਾ, 13 ਜਨਵਰੀ (ਵਿਸ਼ਵ ਵਾਰਤਾ):- ਵਿਦਿਆਰਥੀਆਂ ਦੇ ਸਕੂਲਾਂ ‘ਚ ਆਉਣ-ਜਾਣ ਨੂੰ ਸੁਰੱਖਿਅਤ ਬਨਾਉਣ ਲਈ ਲਾਗੂ ਕੀਤੀ ਗਈ ‘ਸੇਫ਼ ਸਕੂਲ ਵਾਹਨ ਪਾਲਿਸੀ’ ਦੇ ਸਬੰਧ ‘ਚ ਸਬ ਡਵੀਜ਼ਨ ਦੁਧਨਸਾਧਾਂ ਅੰਦਰ ਪੈਂਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਐਸ.ਡੀ.ਐਮ ਦੁਧਨਸਾਧਾਂ ਕ੍ਰਿਪਾਲਵੀਰ ਸਿੰਘ ਨੇ ਇੱਕ ਮੀਟਿੰਗ ਕਰਕੇ ਇਸ ਨੀਤੀ ਨੂੰ ਲਾਗੂ ਕੀਤੇ ਜਾਣ ਦਾ ਜਾਇਜ਼ਾ ਲਿਆ। ਮੀਟਿੰਗ ’ਚ ਸਮੂਹ ਪ੍ਰਿੰਸੀਪਲ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਤੇ ਸੈਕੰਡਰੀ ਹਾਜ਼ਰ ਸਨ।
ਬੈਠਕ ਦੌਰਾਨ ਐਸ.ਡੀ.ਐਮ ਕ੍ਰਿਪਾਲਵੀਰ ਸਿੰਘ ਨੇ ਸਮੂਹ ਸਕੂਲ ਮੁਖੀਆਂ ਨੂੰ ਸੇਫ਼ ਸਕੂਲ ਵਾਹਨ ਸਕੀਮ ਤਹਿਤ ਹਦਾਇਤਾਂ ਦੀਆਂ ਕਾਪੀਆਂ ਸੌਂਪਦੇ ਹੋਏ ਸਖ਼ਤ ਹਦਾਇਤ ਕੀਤੀ ਕਿ ਸਕੂਲ ਜਾਂਦੇ ਬੱਚਿਆਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ ਅਤੇ ਬੱਚਿਆਂ ਨੂੰ ਘਰ ਤੋ ਸਕੂਲ ਅਤੇ ਸਕੂਲ ਤੋ ਘਰ ਸੇਫ਼ ਵਾਹਨ ਰਾਹੀਂ ਲਿਜਾਇਆ ਜਾਵੇ।
ਹਾਜ਼ਰ ਪ੍ਰਿੰਸੀਪਲਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਸਕੂਲਾਂ ਵਿੱਚ ਇਹ ਵੀ ਧਿਆਨ ਵਿੱਚ ਰੱਖਣ ਕਿ ਕੋਈ ਵੀ ਨਾਬਾਲਗ ਬੱਚਾ ਬਿਨਾਂ ਲਾਇਸੰਸ ਤੋ ਮੋਟਰ ਵਹੀਕਲ ਜਾਂ ਕੋਈ ਹੋਰ ਸਾਧਨ ਸਕੂਲ ਵਿੱਚ ਲੈ ਕੇ ਆਉਂਦਾ ਹੈ ਤਾਂ ਉਸ ਦੇ ਅਤੇ ਉਸ ਤੇ ਮਾਤਾ ਪਿਤਾ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਸਬੰਧਿਤ ਟਰੈਫ਼ਿਕ ਇੰਚਾਰਜ ਨੂੰ ਤੁਰੰਤ ਲਿਖਿਆ ਜਾਵੇ। ੳਨ੍ਹਾਂ ਕਿਹਾ ਕਿ ’ਸੇਫ਼ ਸਕੂਲ ਵਾਹਨ ਪਾਲਿਸੀ’ ਨੂੰ ਲਾਗੂ ਕਰਨ ਵਿੱਚ ਜੇਕਰ ਕਿਸੇ ਸਕੂਲ ਵੱਲੋਂ ਕੋਈ ਅਣਗਹਿਲੀ ਕੀਤੀ ਗਈ, ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।