ਚੰਡੀਗੜ੍ਹ, 28ਅਪ੍ਰੈਲ(ਵਿਸ਼ਵ ਵਾਰਤਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਿੱਲੀ ਵਕਫ ਬੋਰਡ ਨਾਲ ਜੁੜੇ ਘੁਟਾਲੇ ਦੇ ਮਾਮਲੇ ‘ਚ ‘ਆਪ’ ਵਿਧਾਇਕ ਅਮਾਨਤੁੱਲਾ ਖਾਨ ਨੂੰ 29 ਅਪ੍ਰੈਲ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਉਸ ਨੂੰ ਦਸਤਾਵੇਜ਼ਾਂ ਸਮੇਤ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਹਨ। ਅਮਾਨਤੁੱਲਾ ਖਾਨ ਨੂੰ ਪੀਐਮਐਲਏ ਦੀਆਂ ਧਾਰਾਵਾਂ ਤਹਿਤ ਆਪਣਾ ਬਿਆਨ ਦਰਜ ਕਰਨਾ ਜਾਰੀ ਰੱਖਣ ਲਈ ਕਿਹਾ ਗਿਆ ਹੈ। ਦੱਸਣਯੋਗ ਹੈ ਕਿ ਅਮਾਨਤੁੱਲਾ ਖਾਨ ‘ਤੇ ਦਿੱਲੀ ਵਕਫ ਬੋਰਡ ਦੇ ਚੇਅਰਮੈਨ ਵਜੋਂ 32 ਲੋਕਾਂ ਦੀ ਗੈਰ-ਕਾਨੂੰਨੀ ਭਰਤੀ ਕਰਨ ਦਾ ਦੋਸ਼ ਹੈ। ਇਸ ਦੇ ਨਾਲ ਹੀ ਉਸ ਨੇ ਦਿੱਲੀ ਵਕਫ਼ ਬੋਰਡ ਦੀਆਂ ਕਈ ਜਾਇਦਾਦਾਂ ਨੂੰ ਗੈਰ-ਕਾਨੂੰਨੀ ਤੌਰ ‘ਤੇ ਕਿਰਾਏ ‘ਤੇ ਦਿੱਤਾ ਸੀ। ‘ਆਪ’ ਵਿਧਾਇਕ ‘ਤੇ ਦਿੱਲੀ ਵਕਫ਼ ਬੋਰਡ ਦੇ ਫੰਡਾਂ ਦੀ ਦੁਰਵਰਤੋਂ ਕਰਨ ਦਾ ਵੀ ਦੋਸ਼ ਹੈ। ਦਿੱਲੀ ਵਕਫ਼ ਬੋਰਡ ਦੇ ਤਤਕਾਲੀ ਸੀਈਓ ਨੇ ਅਜਿਹੀ ਗੈਰ-ਕਾਨੂੰਨੀ ਭਰਤੀ ਨੂੰ ਲੈ ਕੇ ਬਿਆਨ ਦਿੱਤਾ ਸੀ। ਜਾਂਚ ਦੌਰਾਨ ਅਮਾਨਤੁੱਲਾ ਦੇ ਕਰੀਬੀ ਸਾਥੀਆਂ ਦੇ ਟਿਕਾਣਿਆਂ ਤੋਂ ਨਕਦੀ ਬਰਾਮਦ ਹੋਈ। ਛਾਪੇਮਾਰੀ ਦੌਰਾਨ ਅਮਾਨਤੁੱਲਾ ਦੇ ਕਰੀਬੀ ਰਿਸ਼ਤੇਦਾਰਾਂ ਦੇ ਘਰੋਂ ਇੱਕ ਡਾਇਰੀ ਵੀ ਮਿਲੀ ਸੀ, ਜਿਸ ਵਿੱਚ ਅਮਾਨਤੁੱਲਾ ਦੇ ਦੇਸ਼-ਵਿਦੇਸ਼ ਵਿੱਚ ਕਰੋੜਾਂ ਰੁਪਏ ਦੇ ਲੈਣ-ਦੇਣ ਦਾ ਜ਼ਿਕਰ ਸੀ। ਪਿਛਲੇ ਸਾਲ ਅਮਾਨਤੁੱਲਾ ਦੇ ਕਰੀਬੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ
12 ਨਵੰਬਰ ਨੂੰ ਈਡੀ ਨੇ ਦਿੱਲੀ ਵਕਫ ਬੋਰਡ ਮਾਮਲੇ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫਤਾਰ ਦੋਸ਼ੀਆਂ ਦੇ ਨਾਂ ਜ਼ੀਸ਼ਾਨ ਹੈਦਰ, ਜਾਵੇਦ ਇਮਾਮ, ਦਾਊਦ ਨਸੀਰ ਹਨ। ਇਹ ਸਾਰੇ ‘ਆਪ’ ਵਿਧਾਇਕ ਅਮਾਨਤੁੱਲਾ ਖਾਨ ਦੇ ਕਰੀਬੀ ਦੱਸੇ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 18 ਅਪ੍ਰੈਲ ਨੂੰ ਜਾਂਚ ਏਜੰਸੀ ਨੇ ਅਮਾਨਤੁੱਲਾ ਤੋਂ 13 ਘੰਟੇ ਤੱਕ ਪੁੱਛਗਿੱਛ ਕੀਤੀ ਸੀ। ਈਡੀ ਦਫਤਰ ਤੋਂ ਬਾਹਰ ਨਿਕਲਣ ਤੋਂ ਬਾਅਦ ਉਨ੍ਹਾਂ ਕਿਹਾ ਸੀ ਕਿ ਮੈਂ ਸੁਪਰੀਮ ਕੋਰਟ ਦੇ ਨਿਰਦੇਸ਼ਾਂ ‘ਤੇ ਆਇਆ ਹਾਂ। ਜਾਂਚ ਏਜੰਸੀ ਨੇ ਪੁੱਛਗਿੱਛ ਕਰਕੇ ਮੇਰੇ ਬਿਆਨ ਦਰਜ ਕੀਤੇ ਹਨ।