ਨਸ਼ੇ ਦੇ ਵਪਾਰੀਆਂ ਖਿਲਾਫ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਡਿਪਟੀ ਕਮਿਸ਼ਨਰਾਂ ਨੂੰ ਪੰਜਾਬ ਸਰਕਾਰ ਨੇ ਆਹ ਹੁਕਮ ਕੀਤੇ ਜਾਰੀ
ਚੰਡੀਗੜ੍ਹ 24 ਜੂਨ (ਵਿਸ਼ਵ ਵਾਰਤਾ): DRUGS NEWS-ਸੂਬੇ ‘ਚ ਨਸ਼ਿਆਂ ਤੇ ਠੱਲ ਪਾਉਣ ਲਈ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਪੰਜਾਬ ਦੇ ਸਾਰੇ ਜਿਲਿਆਂ ਦੇ ਡਿਪਟੀ ਕਮਿਸ਼ਨਰ ਨੂੰ ਪੰਜਾਬ ਸਰਕਾਰ ਵੱਲੋਂ ਚਿੱਠੀ ਜਾਰੀ ਕੀਤੀ ਗਈ ਹੈ। ਚਿੱਠੀ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ, ਸੂਬਾ ਸਰਕਾਰ ਚਾਹੁੰਦੀ ਹੈ ਕਿ, ਨਸ਼ੇ ਵੇਚਣ ਵਾਲਿਆਂ ਦੀਆਂ ਜਾਇਦਾਦਾਂ ਜਪਤ ਕਰਕੇ ਉਹਨਾਂ ਨੂੰ ਵਿੱਤੀ ਢਾਹ ਲਗਾਈ ਜਾਵੇ। ਸੋ ਆਪ ਸਭ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ, ਕਿਸੇ ਪੁਲਿਸ ਦੇ ਉੱਚ ਅਧਿਕਾਰੀ ਵੱਲੋਂ ਜੇਕਰ ਨਸ਼ੇ ਦੇ ਕਿਸੇ ਵਪਾਰੀ ਦੀ ਜਾਇਦਾਦ ਕੇਸ ਦੇ ਵਿੱਚ ਅਟੈਚ ਕਰਨ ਦੇ ਲਈ ਸੂਚਨਾ ਮੰਗੀ ਜਾਂਦੀ ਹੈ ਤਾਂ, ਫੌਰੀ ਤੌਰ ਤੇ ਪੁਲਿਸ ਅਧਿਕਾਰੀਆਂ ਨੂੰ ਇਹ ਸੂਚਨਾ ਦਿੱਤੀ ਜਾਵੇ। ਹੁਣ ਪੰਜਾਬ ਸਰਕਾਰ ਵੱਲੋਂ ਸਿਵਲ ਪ੍ਰਸ਼ਾਸਨ ਨੂੰ ਸਖਤ ਆਦੇਸ਼ ਜਾਰੀ ਕੀਤੇ ਗਏ ਹਨ ਕਿ, ਜੇਕਰ ਪੁਲਿਸ ਨਸ਼ਾ ਵੇਚਣ ਦੇ ਇਲਜ਼ਾਮ ਵਿੱਚ ਫੜੇ ਗਏ ਮੁਲਜ਼ਮਾਂ ਦੀ ਜਾਇਦਾਦ ਅਟੈਚ ਕਰਨਾ ਚਾਹੁੰਦੀ ਹੈ ਤਾਂ, ਸੰਬੰਧਿਤ ਅਧਿਕਾਰੀ ਪੁਲਿਸ ਨੂੰ ਬਿਨਾਂ ਦੇਰੀ ਕੀਤੇ ਮੁਲਜ਼ਮ ਦੀ ਸਾਰੀ ਜਾਇਦਾਦ ਦੇ ਸੰਬੰਧ ਦੇ ਵਿੱਚ ਜਾਣਕਾਰੀ ਦੇਣ। ਪੰਜਾਬ ਸਰਕਾਰ ਦੇ ਇਹਨਾਂ ਹੁਕਮਾਂ ਦੇ ਨਾਲ ਹੁਣ ਸਾਫ ਹੋ ਗਿਆ ਹੈ ਕਿ ਸੂਬਾ ਸਰਕਾਰ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਪਾਰੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ, ਇਸ ਤੋਂ ਪਹਿਲਾਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਨਸ਼ੇ ਦੇ ਵਪਾਰੀਆਂ ਦੀਆਂ ਜਾਇਦਾਦਾਂ ਅਟੈਚ ਕਰਕੇ ਕੇਸ ਚਲਾਏ ਜਾ ਰਹੇ ਹਨ। ਜਲਦ ਹੀ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਕਿ, ਪੰਜਾਬ ਪੁਲਿਸ ਨਸ਼ਾ ਵੇਚਣ ਵਾਲਿਆਂ ਦੀਆਂ ਜਾਇਦਾਦਾਂ ਕੇਸਾਂ ਦੇ ਵਿੱਚ ਅਟੈਚ ਕਰੇਗੀ।