Dr. Manmohan ਸਿੰਘ ਦੇ ਅੰਤਿਮ ਸਸਕਾਰ ਦੀ ਜਗ੍ਹਾ ਨੂੰ ਲੈ ਕੇ ਅਕਾਲੀ ਆਗੂਆਂ ਵੱਲੋਂ ਜਤਾਈ ਗਈ ਨਾਰਾਜ਼ਗੀ
- ਕਿਹਾ “ਇਹ ਬਹੁਤ ਹੀ ਹੈਰਾਨੀਜਨਕ ਅਤੇ ਨਿੰਦਣਯੋਗ”
ਚੰਡੀਗੜ੍ਹ : ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਅਤੇ ਯਾਦਗਾਰ ਲਈ ਰਾਜਘਾਟ ‘ਤੇ ਜਗ੍ਹਾ ਨਾ ਦਿੱਤੇ ਜਾਣ ‘ਤੇ ਸਿੱਖ ਆਗੂਆਂ ਵੱਲੋਂ ਨਾਰਾਜ਼ਗੀ ਜਤਾਈ ਜਾ ਰਹੀ ਹੈ। ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਕਿ “ਇਹ ਬਹੁਤ ਹੀ ਹੈਰਾਨੀਜਨਕ ਅਤੇ ਨਿੰਦਣਯੋਗ ਹੈ ! ਡਾ. ਮਨਮੋਹਨ ਸਿੰਘ ਜੀ ਦੇ ਪਰਿਵਾਰ ਵੱਲੋਂ ਦੇਸ਼ ਲਈ ਉਨ੍ਹਾਂ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਅਤੇ ਬੇਮਿਸਾਲ ਸੇਵਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੀਆਂ ਅੰਤਿਮ ਰਸਮਾਂ ਲਈ ਇੱਕ ਵਿਸ਼ੇਸ਼ ਜਗ੍ਹਾ ਦੀ ਮੰਗ ਕੀਤੀ ਗਈ ਸੀ, ਜਿੱਥੇ ਕਿ ਦੇਸ਼ ਵਾਸੀਆਂ ਲਈ ਉਨ੍ਹਾਂ ਦੀ ਯਾਦਗਾਰ ਸਥਾਪਿਤ ਕੀਤੀ ਜਾ ਸਕੇ, ਪਰ ਕੇਂਦਰ ਸਰਕਾਰ ਵੱਲੋਂ ਪਰਿਵਾਰ ਦੀ ਇਸ ਬੇਨਤੀ ਨੂੰ ਠੁਕਰਾ ਦਿੱਤਾ ਗਿਆ ਹੈ । ਪਿਛਲੇ ਸਮਿਆਂ ਦੌਰਾਨ ਚਲਦੀ ਆ ਰਹੀ ਪਰੰਪਰਾ ਨੂੰ ਧਿਆਨ ਵਿੱਚ ਰੱਖਦਿਆਂ ਇਹ ਜਗ੍ਹਾ ‘ਰਾਜ ਘਾਟ’ ਹੋਣੀ ਚਾਹੀਦੀ ਸੀ । ਪਰ, ਇਹ ਸਮਝ ਤੋਂ ਬਾਹਰ ਹੈ ਕਿ ਸਰਕਾਰ ਉਸ ਮਹਾਨ ਆਗੂ ਦਾ ਇਸ ਕਦਰ ਨਿਰਾਦਰ ਕਿਉਂ ਕਰ ਰਹੀ ਹੈ, ਜੋ ਇੱਕੋ-ਇੱਕ ਸਿੱਖ ਸਨ ਜਿੰਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਨ ਦਾ ਮਾਣ ਹਾਸਿਲ ਸੀ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਅਜਿਹੀ ਵਿਸ਼ਵ ਪ੍ਰਸਿੱਧ ਸ਼ਖਸੀਅਤ ਨਾਲ ਪੱਖਪਾਤ ਦੀ ਇਸ ਹੱਦ ਤੱਕ ਪਹੁੰਚ ਜਾਵੇਗੀ, ਪਰ ਡਾ. ਮਨਮੋਹਨ ਸਿੰਘ ਜੀ ਦਾ ਕੱਦ ਵਿਸ਼ਵ ਪੱਧਰ ‘ਤੇ ਹਮੇਸ਼ਾ ਉੱਚਾ ਹੀ ਰਹੇਗਾ । ਡਾ. ਮਨਮੋਹਨ ਸਿੰਘ ਜੀ ਨੇ ਦੇਸ਼ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਉਭਾਰਿਆ । ਭਾਵੇਂ ਕਿ ਕਾਂਗਰਸ ਨਾਲ ਸਾਡੇ ਸਿਆਸੀ ਮਤਭੇਦ ਹਨ, ਪਰ ਰਾਜਨੀਤਕ ਅਤੇ ਸਿਆਸੀ ਸੰਬੰਧਾਂ ਤੋਂ ਉਪਰ ਉੱਠ ਕੇ ਡਾ. ਮਨਮੋਹਨ ਸਿੰਘ ਜੀ ਸਾਡੇ ਲਈ ਉੱਚ ਸਤਿਕਾਰ ਦੇ ਪਾਤਰ ਰਹਿਣਗੇ । ਡਾ. ਸਾਬ੍ਹ ਸਿੱਖਾਂ ਅਤੇ ਪੰਜਾਬ ਦੇ ਮੁੱਦਿਆਂ ਪ੍ਰਤੀ ਸ਼੍ਰੋਮਣੀ ਅਕਾਲੀ ਦਲ ਨਾਲ ਆਪਣੇ ਵਿਹਾਰ ਵਿੱਚ ਬਹੁਤ ਸੰਵੇਦਨਸ਼ੀਲ ਅਤੇ ਹਮਦਰਦ ਸਨ।”
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/