Donald Trump : ਗੋਲਫ ਕੋਰਸ ਤੋਂ ਲੈ ਕੇ ਉੱਚੀਆਂ ਇਮਾਰਤਾਂ, ਜਹਾਜ਼ਾਂ ਅਤੇ ਲਗਜ਼ਰੀ ਕਾਰਾਂ ਤੱਕ ਪੜ੍ਹੋ ਕਿੱਥੇ ਤੱਕ ਫੈਲੀ ਹੈ ਡੋਨਾਲਡ ਟਰੰਪ ਦੀ ਜਾਇਦਾਦ
ਚੰਡੀਗੜ੍ਹ, 20ਜਨਵਰੀ(ਵਿਸ਼ਵ ਵਾਰਤਾ) ਰਿਪਬਲਿਕਨ ਆਗੂ ਡੋਨਾਲਡ ਟਰੰਪ ਅੱਜ (ਸੋਮਵਾਰ) ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਹਲਫ਼ ਲੈਣਗੇ। ਉਹ ਅੱਜ ਰਾਤ ਭਾਰਤੀ ਸਮੇਂ ਅਨੁਸਾਰ ਲਗਭਗ 10 ਵਜੇ ਅਮਰੀਕੀ ਸੰਸਦ ਕੈਪੀਟਲ ਹਿੱਲ ਵਿਖੇ ਸਹੁੰ ਚੁੱਕਣਗੇ। ਭਾਰਤ ਵੱਲੋਂ ਟਰੰਪ ਦੇ ਸਹੁੰ ਚੁੱਕ ਸਮਾਗਮ ’ਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਹਿੱਸਾ ਲੈਣਗੇ। ਇਸ ਤੋਂ ਇਲਾਵਾ ਕਾਰੋਬਾਰੀ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਵੀ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਿਰਕਤ ਕਰਨਗੇ। ਡੋਨਾਲਡ ਟਰੰਪ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ।
ਦੱਸਣਯੋਗ ਹੈ ਕਿ ਚੋਣ ਮੈਦਾਨ ਵਿੱਚ ਉਤਰਨ ਤੋਂ ਪਹਿਲਾਂ ਟਰੰਪ ਇੱਕ ਵੱਡੇ ਕਾਰੋਬਾਰੀ ਸਨ। ਉਹਨਾਂ ਦਾ ਕਾਰੋਬਾਰ ਰੀਅਲ ਅਸਟੇਟ ਤੋਂ ਲੈ ਕੇ ਮੀਡੀਆ ਤਕਨਾਲੋਜੀ ਤੱਕ ਹੈ। 19 ਗੋਲਫ ਕੋਰਸਾਂ ਦੇ ਮਾਲਕ ਡੋਨਾਲਡ ਟਰੰਪ ਨੂੰ ਗੋਲਫ ਖੇਡਣ ਦਾ ਬਹੁਤ ਸ਼ੌਕ ਹੈ। ਟਰੰਪ ਕੋਲ ਜਹਾਜ਼ਾਂ ਅਤੇ ਲਗਜ਼ਰੀ ਕਾਰਾਂ ਦਾ ਵੀ ਇੱਕ ਵੱਡਾ ਸੰਗ੍ਰਹਿ ਹੈ। ਟਰੰਪ ਕੋਲ 5 ਜਹਾਜ਼ ਹਨ। ਇਸ ਤੋਂ ਇਲਾਵਾ ਟਰੰਪ ਕੋਲ ਰੋਲਸ ਰਾਇਲ ਸਿਲਵਰ ਕਲਾਉਡ ਤੋਂ ਲੈ ਕੇ ਮਰਸੀਡੀਜ਼ ਬੈਂਜ਼ ਤੱਕ ਸੈਂਕੜੇ ਲਗਜ਼ਰੀ ਕਾਰਾਂ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਨੇ ਪਹਿਲੀ ਵਾਰ 2016 ਵਿੱਚ ਆਪਣੀ ਰਾਸ਼ਟਰਪਤੀ ਉਮੀਦਵਾਰੀ ਦਾ ਐਲਾਨ ਕੀਤਾ। ਉਸ ਸਮੇਂ ਟਰੰਪ ਦੀ ਦੌਲਤ 4.5 ਬਿਲੀਅਨ ਡਾਲਰ ਸੀ। ਹਾਲਾਂਕਿ, ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਉਨ੍ਹਾਂ ਦੀ ਦੌਲਤ ਘੱਟ ਗਈ। ਇਹ 2020 ਵਿੱਚ 4.5 ਬਿਲੀਅਨ ਡਾਲਰ ਤੋਂ ਘੱਟ ਕੇ 2.1 ਬਿਲੀਅਨ ਡਾਲਰ ਰਹਿ ਗਿਆ। ਬਲੂਮਬਰਗ ਬਿਲੀਨੇਅਰਸ ਇੰਡੈਕਸ ਦੇ ਅਨੁਸਾਰ ਨਵੰਬਰ 2024 ਵਿੱਚ ਟਰੰਪ ਦੀ ਕੁੱਲ ਜਾਇਦਾਦ $7.7 ਬਿਲੀਅਨ ਸੀ। ਇਸਦਾ ਮਤਲਬ ਲਗਭਗ 64,855 ਕਰੋੜ ਰੁਪਏ। ਡੋਨਾਲਡ ਟਰੰਪ ਦੀ ਕੁੱਲ ਜਾਇਦਾਦ ਵਿੱਚ ਟਰੰਪ ਮੀਡੀਆ ਅਤੇ ਤਕਨਾਲੋਜੀ ਸਮੂਹ ਦਾ ਸਭ ਤੋਂ ਵੱਡਾ ਹਿੱਸਾ ਹੈ। ਟਰੰਪ ਕੋਲ ਕਈ ਗੋਲਫ ਕਲੱਬ, ਰਿਜ਼ੋਰਟ ਅਤੇ ਬੰਗਲੇ ਹਨ। ਟਰੰਪ ਨੂੰ ਰੀਅਲ ਅਸਟੇਟ ਕਾਰੋਬਾਰ ਵਿਰਾਸਤ ਵਿੱਚ ਮਿਲਿਆ ਹੈ। ਉਸਦੇ ਪਿਤਾ ਫਰੈੱਡ ਟਰੰਪ ਨਿਊਯਾਰਕ ਦੇ ਸਭ ਤੋਂ ਸਫਲ ਰੀਅਲ ਅਸਟੇਟ ਕਾਰੋਬਾਰੀਆਂ ਵਿੱਚੋਂ ਇੱਕ ਸਨ। ਡੋਨਾਲਡ ਟਰੰਪ ਨੇ 1971 ਵਿੱਚ ਆਪਣੇ ਪਿਤਾ ਦੇ ਕਾਰੋਬਾਰ ਨੂੰ ਸੰਭਾਲਿਆ ਅਤੇ ਇਸਨੂੰ ਤੇਜ਼ੀ ਨਾਲ ਅੱਗੇ ਵਧਾਇਆ। ਉਸਨੇ ਬਹੁਤ ਸਾਰੀਆਂ ਆਲੀਸ਼ਾਨ ਇਮਾਰਤਾਂ ਬਣਵਾਈਆਂ। ਇਨ੍ਹਾਂ ਵਿੱਚ ਟਰੰਪ ਪੈਲੇਸ, ਟਰੰਪ ਵਰਲਡ ਟਾਵਰ, ਟਰੰਪ ਇੰਟਰਨੈਸ਼ਨਲ ਹੋਟਲ ਅਤੇ ਰਿਜ਼ੋਰਟ ਸ਼ਾਮਲ ਹਨ। ਟਰੰਪ ਕੋਲ ਇੱਕ ਮਹਿਲਨੁਮਾ ਮੈਨਸ਼ਨ ਹੈ। ਇਸਨੂੰ ਟਰੰਪ ਨੇ 1985 ਵਿੱਚ ਖਰੀਦਿਆ ਸੀ। ਇਹ ਮੈਨਸ਼ਨ 20 ਏਕੜ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। ਇਸ ਵਿੱਚ 58 ਬੈੱਡਰੂਮ, 33 ਬਾਥਰੂਮ, 12 ਫਾਇਰਪਲੇਸ, ਇੱਕ ਸਪਾ, ਸਵੀਮਿੰਗ ਪੂਲ, ਟੈਨਿਸ ਕੋਰਟ ਅਤੇ ਗੋਲਫ ਕੋਰਸ ਹੈ। ਟਰੰਪ ਦੇ ਨਿਊਯਾਰਕ, ਮੈਨਹਟਨ ਅਤੇ ਸੇਂਟ ਮਾਰਟਿਨ, ਵਰਜੀਨੀਆ ਵਿੱਚ ਵੀ ਆਲੀਸ਼ਾਨ ਘਰ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/