LATEST NEWS: ਇਟਲੀ ਵਿੱਚ ਹਿੰਦ ਪਾਕਿ ਲੇਖਕਾਂ ਵਲੋਂ ਸਾਂਝੇ ਸਾਹਿਤਕ ਸਮਾਗਮ ਵਿੱਚ ਗੁਰਭਜਨ ਗਿੱਲ,ਤਨਵੀਰ ਕਾਸਿਫ਼ ਅਤੇ ਗਿੱਲ ਰੌਂਤਾ ਦੀਆਂ ਕਿਤਾਬਾਂ ਲੋਕ ਅਰਪਣ
ਲੁਧਿਆਣਾ 19 ਅਗਸਤ (ਵਿਸ਼ਵ ਵਾਰਤਾ):- ਇਟਲੀ ਦੇ ਸ਼ਹਿਰ ਕਰੇਮੋਨਾ ਵਿਖੇ ਹਿੰਦ ਪਾਕਿ ਦੇ ਲੇਖਕਾਂ ਵੱਲੋਂ ਵਲੋਂ ਦੋਹਾ ਦੇਸ਼ਾਂ ਦੇ ਆਜ਼ਾਦੀ ਦਿਵਸ ਅਤੇ 1947 ਦੀ ਵੰਡ ਨੂੰ ਸਮਰਪਿਤ ਸਾਹਿਤਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਇਟਲੀ ਵੱਸਦੇ ਦੋਵੇਂ ਪੰਜਾਬਾਂ ਦੇ ਲੇਖਕਾਂ ਨੇ ਸਾਂਝੇ ਤੌਰ ਤੇ ਸ਼ਮੂਲੀਅਤ ਕੀਤੀ।
ਕਵੀ ਦਰਵਾਰ ਅਤੇ ਚਰਚਾ ਵਿੱਚ ਦੇਸ਼ ਦੀ ਵੰਡ ਅਤੇ ਅਜਾਦੀ ਨਾਲ ਜੁੜੇ ਮਸਲੇ ਅਤੇ ਘਟਨਾਵਾਂ ਦਾ ਜ਼ਿਕਰ ਭਾਰੂ ਰਿਹਾ। ਸਾਹਿਤ ਸਭਾ ਅਦਬੋ ਸ਼ਕਾਫ਼ਤ ਇਟਲੀ ,ਲਹਿੰਦੇ ਪੰਜਾਬ ਵਾਲਿਆਂ ਦੇ ਨਿੱਘੇ ਸੱਦੇ ਤੇ ਇਸ ਸਾਹਿਤਿਕ ਇਕੱਤਰਤਾ ਵਿੱਚ ਇਟਲੀ ਵੱਸਦੇ ਪੰਜਾਬ ਦੇ ਉੱਚ ਕੋਟੀ ਦੇ ਸ਼ਾਇਰਾਂ ਨੇ ਹਿੱਸਾ ਲਿਆ। ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਨੁਮਾਇੰਦਿਆ ਵਿੱਚ ਪ੍ਰੋਫੈਸਰ ਜਸਪਾਲ ਸਿੰਘ, ਪ੍ਰੇਮਪਾਲ ਸਿੰਘ, ਦਲਜਿੰਦਰ ਰਹਿਲ ਅਤੇ ਸਿੱਕੀ ਝੱਜੀ ਪਿੰਡ ਵਾਲਾ ਨੇ ਸ਼ਿਰਕਤ ਕੀਤੀ। ਜਰਮਨ ਤੋਂ ਸਾਂਝੇ ਵਿਹੜੇ ਦੇ ਸੰਸਥਾਪਕ ਤਨਵੀਰ ਕਾਸਿਫ਼ ਨੇ ਸਮਾਗਮ ਵਿੱਚ ਅਪਣੇ ਗ਼ਜ਼ਲ ਸੰਗ੍ਰਹਿ ” ਸੋਚ ਦੇ ਅੱਖਰ ” ਨੂੰ ਪੰਜਾਬੀ ਪਾਠਕਾਂ ਨਾਲ ਸਾਂਝਾ ਕੀਤਾ।
ਇਸ ਤੋਂ ਇਲਾਵਾ ਇਸ ਸਾਂਝੀ ਇਕੱਤਰਤਾ ਵਿੱਚ ਤਿੰਨ ਕਿਤਾਬਾਂ ਅੱਖਰ ਅੱਖਰ ਅਤੇ ਮਿਰਗਾਵਲੀ (ਸ਼ਾਹ
ਮੁਖੀ) ਪ੍ਰੋ ਗੁਰਭਜਨ ਗਿੱਲ , ਸੱਚੋ ਸੱਚ – ਗੁਰਚਰਨ ਸਿੰਘ ਸੋਢੀ, ਅਤੇ ਗੁਰਵਿੰਦਰ ਸਿੰਘ ਗਿੱਲ ਰੌਂਤਾ ਦੀ ਲਿਖੀ ਕਿਤਾਬ “ ਹੈਲੋ ਮੈਂ ਲਹੌਰ ਤੋਂ ਬੋਲਦਾਂ “ (ਸ਼ਾਹਮੁਖੀ) ਲੋਕ ਅਰਪਣ ਕੀਤੀਆਂ ਗਈਆਂ। ਗੁਰਭਜਨ ਗਿੱਲ ਤੇ ਗਿੱਲ ਰੌਂਤਾ ਦੀਆਂ ਪੁਸਤਕਾਂ ਨੂੰ ਪਾਕਿਸਤਾਨ ਵੱਸਦੇ ਲੇਖਕ ਮੁਹੰਮਦ ਆਸਿਫ ਰਜ਼ਾ(ਸ਼ੇਖੂਪੁਰਾ) ਨੇ ਲਿਪੀ ਅੰਤਰ ਕੀਤਾ ਹੈ। ਪੁਸਤਕਾਂ ਬਾਰੇ ਦਲਜਿੰਦਰ ਰਹਿਲ ਨੇ ਜਾਣ ਪਥਾਣ ਕਰਵਾਈ।
ਲਹਿੰਦੇ ਪੰਜਾਬ ਦੇ ਸ਼ਾਇਰਾਂ ਵਿੱਚ ਹੋਰਨਾਂ ਤੋਂ ਇਲਾਵਾ ਸ਼ਰੀਫ ਚੀਮਾ,ਮੀਆਂ ਆਫ਼ਤਾਬ ,ਖੁਰਮ ਸ਼ਰੀਫ਼ , ਤਨਵੀਰ ਸਾਹ ਸਾਹਿਬ ਅਤੇ ਰਜ਼ਾ ਸ਼ਾਹ ਆਦਿ ਨੇ ਵਿਸ਼ੇਸ਼ ਹਾਜ਼ਰੀ ਲਗਵਾਈ।
ਇਸ ਭਰਵੀਂ ਇਕੱਤਰਤਾ ਵਿੱਚ ਸਥਾਨਿਕ ਪੰਜਾਬੀ ਸਰੋਤਿਆਂ ਤੋਂ ਇਲਾਵਾ ਦੂਰੋਂ ਨੇੜਿਓਂ ਹੋਰ ਵੀ ਬਹੁਤ ਸਾਰੇ ਲੋਕ ਸ਼ਾਮਿਲ ਹੋਏ।