Deputy Commissioner ਵੱਲੋਂ Punjab ਦੇ ਵਿਰਾਸਤੀ ਸਮਾਰਕਾਂ ਸਬੰਧੀ ਕੈਲੰਡਰ ਤੇ ਦਸਤਾਵੇਜ਼ੀ ਫਿਲਮ ਜਾਰੀ
– ਕਿਹਾ, ਪੰਜਾਬ ਦੀ ਵਿਰਾਸਤ ਨੂੰ ਦਰਸਾਉਂਦਾ ਇਹ ਉਪਰਾਲਾ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ’ਚ ਸਹਾਈ ਸਾਬਤ ਹੋਵੇਗਾ
ਜਲੰਧਰ, 17 ਜਨਵਰੀ (ਵਿਸ਼ਵ ਵਾਰਤਾ):- ਡਿਪਟੀ ਕਮਿਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ‘ਹੈਰੀਟੇਜ ਮੋਨਿਊਮੈਂਟਸ ਆਫ ਪੰਜਾਬ- ਲੈਂਡਮਾਰਕ ਆਫ਼ ਹਿਸਟੋਰਿਕ ਲੈਗੇਸੀ’ ਦੇ ਨਾਂ ਹੇਠ ਪੰਜਾਬ ਦੇ ਵਿਰਾਸਤੀ ਸਮਾਰਕਾਂ ਨੂੰ ਦਰਸਾਉਂਦਾ ਤਸਵੀਰਾਂ ਵਾਲਾ ਕੈਲੰਡਰ-2025 ਅਤੇ ਦਸਤਾਵੇਜ਼ੀ ਫਿਲਮ ਰਿਲੀਜ਼ ਕੀਤੀ ਗਈ।
ਇਸ ਮੌਕੇ ਦਸਤਾਵੇਜ਼ੀ ਫਿਲਮ ਦੇ ਲੇਖਕ ਅਤੇ ਹੈਰੀਟੇਜ ਪ੍ਰਮੋਟਰ ਹਰਪ੍ਰੀਤ ਸੰਧੂ ਵੀ ਮੌਜੂਦ ਸਨ।
ਪੰਜਾਬ ਦੀ ਵਿਰਾਸਤ ਨੂੰ ਦਰਸਾਉਣ ਲਈ ਹਰਪ੍ਰੀਤ ਸੰਧੂ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਕਰਦਿਆਂ ਡਾ. ਅਗਰਵਾਲ ਨੇ ਕਿਹਾ ਕਿ ਉਨ੍ਹਾਂ ਦਾ ਇਹ ਉਪਰਾਲਾ ਜਿਥੇ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਵਿੱਚ ਸਹਾਈ ਸਾਬਤ ਹੋਵੇਗਾ, ਉਥੇ ਪੰਜਾਬ ਦੇ ਵਿਰਸੇ ਦੀ ਖੁਸ਼ਬੂ ਨੂੰ ਦੇਸ਼ਾਂ-ਵਿਦੇਸ਼ਾਂ ਵਿੱਚ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਜਲੰਧਰ ਦੇ ਚਾਰ ਪ੍ਰਮੁੱਖ ਵਿਰਾਸਤੀ ਸਥਾਨਾਂ ਨੂੰ ਕੈਲੰਡਰ ਵਿੱਚ ਪ੍ਰਮੁੱਖਤਾ ਨਾਲ ਉਜਾਗਰ ਕਰਨ ਲਈ ਵੀ ਹਰਪ੍ਰੀਤ ਸੰਧੂ ਨੂੰ ਸਲਾਹਿਆ। ਇਨ੍ਹਾਂ ਪ੍ਰਮੁੱਖ ਸਥਾਨਾਂ ਵਿੱਚ ਦਖਣੀ ਸਰਾਏ (ਨਕੋਦਰ), ਮਹਾਰਾਜਾ ਰਣਜੀਤ ਸਿੰਘ ਦਾ ਕਿਲ੍ਹਾ (ਫਿਲੌਰ), ਨੂਰਮਹਿਲ ਸਰਾਏ (ਨੂਰਮਹਿਲ) ਅਤੇ ਮੁਹੰਮਦ ਮੋਮਿਨ ਅਤੇ ਹਾਜੀ ਜਮਾਲ ਦਾ ਮਕਬਰਾ (ਨਕੋਦਰ) ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਸ ਕੋਸ਼ਿਸ਼ ਨਾਲ ਜ਼ਿਲ੍ਹਾ ਜਲੰਧਰ ਵਿਚਲੇ ਵਾਸਤੂਕਲਾ ਅਤੇ ਸੱਭਿਆਚਾਰਕ ਖਜ਼ਾਨਿਆਂ ਨੂੰ ਰੌਸ਼ਨੀ ਵਿੱਚ ਲਿਆਉਣ ਲਈ ਲੋਕ ਜਾਗਰੂਕਤਾ ਵਿੱਚ ਬਹੁਤ ਵਾਧਾ ਹੋਵੇਗਾ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਹਰਪ੍ਰੀਤ ਸੰਧੂ ਭਵਿੱਖ ਵਿੱਚ ਵੀ ਅਜਿਹੇ ਉੱਦਮ ਜਾਰੀ ਰੱਖਣਗੇ।
ਇਸ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ ਭੋਗਲ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀ, ਬੁੱਧੀਜੀਵੀ, ਲੇਖਕ, ਉੱਘੇ ਡਾਕਟਰ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਨਾਗਰਿਕ ਮੌਜੂਦ ਸਨ।