Delhi Pollution : ਦਿੱਲੀ ਵਿੱਚ AQI 700 ਤੋਂ ਪਾਰ
ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਦਿੱਲੀ ਸਰਕਾਰ ਵੱਲੋਂ 12ਵੀਂ ਕਲਾਸ ਤੱਕ ਪੜ੍ਹਾਈ ਆਨਲਾਈਨ ਕਰਵਾਉਣ ਦਾ ਆਦੇਸ਼
ਚੰਡੀਗੜ੍ਹ, 19ਨਵੰਬਰ(ਵਿਸ਼ਵ ਵਾਰਤਾ) ਦਿੱਲੀ ਵਿੱਚ ਹਵਾ ਦੀ ਗੁਣਵੱਤਾ ਖ਼ਤਰਨਾਕ ਹੁੰਦੀ ਜਾ ਰਹੀ ਹੈ। ਸੋਮਵਾਰ ਸ਼ਾਮ ਤੋਂ ਮੰਗਲਵਾਰ ਸਵੇਰ ਤੱਕ AQI 700 ਤੋਂ ਵੱਧ ਦਰਜ ਕੀਤਾ ਗਿਆ। ਇਸ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਸਾਰੇ ਸਕੂਲਾਂ ਨੂੰ ਆਨਲਾਈਨ ਕਲਾਸਾਂ ਲਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਦਿੱਲੀ ਤੋਂ ਬਾਅਦ ਗੁਰੂਗ੍ਰਾਮ ਅਤੇ ਐਨਸੀਆਰ ਪ੍ਰਸ਼ਾਸਨ ਨੇ ਵੀ ਅਗਲੇ ਹੁਕਮਾਂ ਤੱਕ ਸਕੂਲਾਂ ਵਿੱਚ ਆਨਲਾਈਨ ਪੜ੍ਹਾਈ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।
ਸੋਮਵਾਰ ਸ਼ਾਮ ਨੂੰ ਦਿੱਲੀ ਸਰਕਾਰ ਨੇ ਐਲਾਨ ਕੀਤਾ ਕਿ 19 ਨਵੰਬਰ ਤੋਂ 12ਵੀਂ ਤੱਕ ਸਾਰੀਆਂ ਕਲਾਸਾਂ ਆਨਲਾਈਨ ਚੱਲਣਗੀਆਂ। ਦੱਸਣਯੋਗ ਹੈ ਕਿ ਹੁਣ ਤੱਕ 10ਵੀਂ ਅਤੇ 12ਵੀਂ ਨੂੰ ਛੱਡ ਕੇ ਸਾਰੀਆਂ ਕਲਾਸਾਂ ਆਨਲਾਈਨ ਚੱਲ ਰਹੀਆਂ ਸਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਸੁਪਰੀਮ ਕੋਰਟ ਨੇ 12ਵੀਂ ਜਮਾਤ ਤੱਕ ਦੇ ਦਿੱਲੀ ਐਨਸੀਆਰ ਦੇ ਸਾਰੇ ਸਕੂਲਾਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਸੀ। ਇਸ ਦੇ ਨਾਲ ਹੀ ਅਦਾਲਤ ਨੇ 12ਵੀਂ ਜਮਾਤ ਤੱਕ ਦੀਆਂ ਫਿਜ਼ੀਕਲ ਕਲਾਸਾਂ ਬੰਦ ਕਰਨ ਬਾਰੇ ਵੀ ਜਲਦੀ ਫੈਸਲਾ ਲੈਣ ਲਈ ਕਿਹਾ ਸੀ। ਜਿਸ ਤੋਂ ਬਾਅਦ ਦਿੱਲੀ ਸਰਕਾਰ ਨੇ 12ਵੀਂ ਤੱਕ ਪੜ੍ਹਾਈ ਆਨਲਾਈਨ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।
https://x.com/AtishiAAP/status/1858538428108784060
ਸਕੂਲਾਂ ਤੋਂ ਇਲਾਵਾ ਦਿੱਲੀ ਯੂਨੀਵਰਸਿਟੀ ਅਤੇ ਜੇਐਨਯੂ ਨੇ ਵੀ 22 ਨਵੰਬਰ ਤੱਕ ਆਨਲਾਈਨ ਕਲਾਸਾਂ ਕਰਵਾਉਣ ਦਾ ਫੈਸਲਾ ਕੀਤਾ ਹੈ।
ਬੀਤੇ ਦਿਨ ਸੁਪਰੀਮ ਕੋਰਟ ਨੇ ਇਹ ਹਦਾਇਤਾਂ ਦਿੱਤੀਆਂ ਸਨ ਕਿ ਅਦਾਲਤ ਤੋਂ ਪੁੱਛੇ ਬਿਨਾਂ GRAP-4 ਦੀਆਂ ਪਾਬੰਦੀਆਂ ਨੂੰ ਨਾ ਹਟਾਇਆ ਜਾਵੇ।
ਸੁਪਰੀਮ ਕੋਰਟ ਵੱਲੋਂ 5 ਵੱਡੇ ਨਿਰਦੇਸ਼
– ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਰਾਜ ਸਰਕਾਰਾਂ ਤੁਰੰਤ ਸਟੇਜ- 4 ਪਾਬੰਦੀਆਂ ਲਗਾਉਣ ਅਤੇ ਉਨ੍ਹਾਂ ਦੀ ਸਖਤੀ ਨਾਲ ਪਾਲਣਾ ਕਰਨ।
– ਸਟੇਜ-4 ਨੂੰ ਲਾਗੂ ਕਰਨ ਦੀ ਨਿਗਰਾਨੀ ਕਰਨ ਲਈ ਇਹਨਾਂ ਰਾਜਾਂ ਵਿੱਚ ਇੱਕ ਟੀਮ ਬਣਾਈ ਜਾਵੇ।
– ਜੇਕਰ ਕਿਸੇ ਪਾਬੰਦੀ ਦੀ ਉਲੰਘਣਾ ਹੁੰਦੀ ਹੈ, ਤਾਂ ਅਜਿਹੇ ਮਾਮਲਿਆਂ ਨੂੰ ਹੱਲ ਕਰਨ ਲਈ ਇੱਕ ਵਿਧੀ ਬਣਾਈ ਜਾਵੇ।
– ਜਦੋਂ ਤੱਕ ਅਗਲੇ ਹੁਕਮ ਜਾਰੀ ਨਹੀਂ ਹੁੰਦੇ, GRAP-4 ਦੀਆਂ ਪਾਬੰਦੀਆਂ ਨੂੰ ਨਾ ਹਟਾਇਆ ਜਾਵੇ।ਭਾਵੇਂ AQI 300 ਤੋਂ ਹੇਠਾਂ ਕਿਉਂ ਨਾ ਆ ਜਾਵੇ।
– 10ਵੀਂ ਅਤੇ 12ਵੀਂ ਦੀਆਂ ਜਮਾਤਾਂ ਅਜੇ ਚੱਲ ਰਹੀਆਂ ਹਨ, ਐਨਸੀਆਰ ਵਿੱਚ ਸ਼ਾਮਲ ਰਾਜ ਸਰਕਾਰਾਂ ਤੁਰੰਤ ਸਕੂਲਾਂ ਨੂੰ ਬੰਦ ਕਰਨ ਬਾਰੇ ਫੈਸਲਾ ਲੈਣ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/