ਨਵੀਂ ਦਿੱਲੀ 21 ਸਿਤੰਬਰ (ਵਿਸ਼ਵ ਵਾਰਤਾ): ਅੱਜ ਆਤਿਸ਼ੀ ਦਿੱਲੀ ਦੀ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਉਹ ਦਿੱਲੀ ਦੇ ਤੀਸਰੇ ਮਹਿਲਾ ਮੁੱਖ ਮੰਤਰੀ ਵੀ ਹੋਣਗੇ। ਇਸਤੋਂ ਪਹਿਲਾ ਕਾਂਗਰਸ ਵਲੋਂ ਸ਼ੀਲਾ ਦੀਕਸ਼ਿਤ ਅਤੇ ਬੀਜੇਪੀ ਵਲੋਂ ਸੁਸ਼ਮਾ ਸਵਰਾਜ ਦਿੱਲੀ ਸਰਕਾਰ ਦੀ ਮੁੱਖ ਮੰਤਰੀ ਬਣਕੇ ਅਗਵਾਈ ਕਰ ਚੁੱਕੇ ਹਨ। ਰਾਜਪਾਲ ਦਫਤਰ ਦੇ ਸੂਤਰਾਂ ਮੁਤਾਬਕ ਅੱਜ 21 ਸਿਤੰਬਰ ਦੀ ਤਰੀਕ ਸਹੁੰ ਚੁੱਕਣ ਲਈ ਤੈਅ ਕੀਤੀ ਗਈ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ 17 ਸਿਤੰਬਰ ਨੂੰ ਦਿੱਲੀ ਦੇ ਮੁਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਦਿੱਲੀ ‘ਚ ਆਪ ਦੀ ਸਰਕਾਰ ਇਸ ਵੇਲੇ ਚੌਥੇ ਸਾਲ ‘ਚ ਹੈ। ਇਸ ਤਰਾਂ ਆਤਿਸ਼ੀ ਕੋਲ ਸਰਕਾਰ ਦੀ ਅਗਵਾਈ ਕਰਨ ਲਈ ਇਕ ਸਾਲ ਦਾ ਵਕਤ ਹੈ। ਸੂਤਰਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਆਤਿਸ਼ੀ ਦਾ ਸਹੁੰ ਚੁੱਕ ਸਮਾਗਮ ਰਾਜਪਾਲ ਨਿਵਾਸ ਦੇ ਵਿੱਚ ਹੋਣ ਦੀ ਸੰਭਾਵਨਾ ਹੈ। ਅੱਜ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਆਤਿਸ਼ੀ ਦਿੱਲੀ ਵਿਧਾਨ ਸਭਾ ਦੇ ਵਿੱਚ ਆਪਣੀ ਸਰਕਾਰ ਦਾ ਬਹੁਮਤ ਸਾਬਿਤ ਕਰੇਗੀ। ਦਿੱਲੀ ਸਰਕਾਰ ਵੱਲੋਂ 26 ਅਤੇ 27 ਨੂੰ ਸਤੰਬਰ ਨੂੰ ਵਿਧਾਨ ਸਭਾ ਦਾ ਸੈਸ਼ਨ ਵੀ ਸੱਦਿਆ ਗਿਆ ਹੈ। ਇਸ ਵਿਧਾਨ ਸਭਾ ਦੀ ਮਿਆਦ ਅਗਲੇ ਸਾਲ ਫਰਵਰੀ ਦੇ ਵਿੱਚ ਖਤਮ ਹੋ ਜਾਵੇਗੀ। ਇਸ ਲਈ 2025 ਦੇ ਫਰਵਰੀ ਮਹੀਨੇ ਦੇ ਵਿੱਚ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੀ ਸੰਭਾਵਨਾ ਹੈ। ਦਿੱਲੀ ਐਕਸਾਈਜ਼ ਪਾਲਿਸੀ ਮਾਮਲੇ ‘ਚ ਗ੍ਰਿਫਤਾਰ ਅਰਵਿੰਦ ਕੇਜਰੀਵਾਲ ਨੂੰ 13 ਸਤੰਬਰ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ। ਜਮਾਨਤ ‘ਤੇ ਬਾਹਰ ਆਉਣ ਤੋਂ 4 ਦਿਨਾਂ ਬਾਅਦ ਉਨ੍ਹਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਕਾਰਨ ਹੁਣ ਆਤਿਸ਼ੀ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ।
ਆਤਿਸ਼ੀ ਦੇ ਨਾਲ ਇਹ ਨੇਤਾ ਵੀ ਸਹੁੰ ਚੁੱਕਣਗੇ
ਆਤਿਸ਼ੀ ਦੇ ਨਾਲ ਕੈਬਨਿਟ ਮੰਤਰੀ ਵੀ ਸਹੁੰ ਚੁੱਕਣਗੇ। ਜਿਸ ਵਿੱਚ ਗੋਪਾਲ ਰਾਏ, ਕੈਲਾਸ਼ ਗਹਿਲੋਤ, ਸੌਰਭ ਭਾਰਦਵਾਜ ਅਤੇ ਇਮਰਾਨ ਹੁਸੈਨ ਦੇ ਨਾਂ ਸ਼ਾਮਲ ਹਨ। ਨਵੀਂ ਕੈਬਨਿਟ ਵਿੱਚ ਨਵੇਂ ਚਿਹਰਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ‘ਚ ਸੁਲਤਾਨਪੁਰ ਮਾਜਰਾ ਤੋਂ ‘ਆਪ’ ਵਿਧਾਇਕ ਮੁਕੇਸ਼ ਅਹਲਾਵਤ ਵੀ ਸ਼ਿਰਕਤ ਕਰਨਗੇ। ਦਿੱਲੀ ਸਰਕਾਰ ਵਿੱਚ ਮੁੱਖ ਮੰਤਰੀ ਸਮੇਤ ਕੁੱਲ ਛੇ ਮੰਤਰੀ ਹਨ। ਹੁਣ ਮੁੱਖ ਮੰਤਰੀ ਦੇ ਨਾਲ ਪੰਜ ਮੰਤਰੀ ਸਹੁੰ ਚੁੱਕਣਗੇ।
ਕੇਜਰੀਵਾਲ ਨੇ ਮੰਗਲਵਾਰ ਨੂੰ ਦਿੱਤਾ ਸੀ ਅਸਤੀਫਾ
ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਪਹਿਲਾਂ ਆਤਿਸ਼ੀ ਨੂੰ ਆਪਣਾ ਉੱਤਰਾਧਿਕਾਰੀ ਚੁਣਿਆ ਸੀ। ਮੰਗਲਵਾਰ ਨੂੰ ਰਾਜਪਾਲ ਨਿਵਾਸ ਪਹੁੰਚਕੇ ਆਤਿਸ਼ੀ ਨੇ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਉਪ ਰਾਜਪਾਲ ਨੇ ਬੁੱਧਵਾਰ ਨੂੰ ਦੋਵੇਂ ਪ੍ਰਸਤਾਵਾਂ ਨੂੰ ਮਨਜ਼ੂਰੀ ਲਈ ਰਾਸ਼ਟਰਪਤੀ ਕੋਲ ਭੇਜ ਦਿੱਤਾ। ਇਸ ਵਿੱਚ ਐਲਜੀ ਨੇ ਰਾਸ਼ਟਰਪਤੀ ਨੂੰ 21 ਸਤੰਬਰ ਨੂੰ ਆਤਿਸ਼ੀ ਨੂੰ ਸਹੁੰ ਚੁਕਾਉਣ ਦਾ ਪ੍ਰਸਤਾਵ ਵੀ ਦਿੱਤਾ। ਇਸ ਸਬੰਧੀ ਫਾਈਲ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਵੀ ਭੇਜੀ ਗਈ ਸੀ।
ਆਤਿਸ਼ੀ ਦਿੱਲੀ ਦੀ ਤੀਜੀ ਮਹਿਲਾ ਮੁੱਖ ਮੰਤਰੀ ਹੋਵੇਗੀ
ਆਤਿਸ਼ੀ ਮਾਰਲੇਨਾ ਦਿੱਲੀ ਦੀ ਤੀਜੀ ਮਹਿਲਾ ਮੁੱਖ ਮੰਤਰੀ ਬਣਨ ਜਾ ਰਹੀ ਹੈ। ਇਸ ਤੋਂ ਪਹਿਲਾਂ ਮਰਹੂਮ ਸ਼ੀਲਾ ਦੀਕਸ਼ਿਤ ਅਤੇ ਮਰਹੂਮ ਸੁਸ਼ਮਾ ਸਵਰਾਜ ਮੁੱਖ ਮੰਤਰੀ ਦੇ ਅਹੁਦੇ ‘ਤੇ ਰਹਿ ਚੁੱਕੇ ਹਨ। ਕੇਜਰੀਵਾਲ ਨੇ ਦਿੱਲੀ ਸਰਕਾਰ ‘ਚ ਕਈ ਵਿਭਾਗਾਂ ਦੀ ਮੰਤਰੀ ਆਤਿਸ਼ੀ ਦਾ ਨਾਂ ਮੁੱਖ ਮੰਤਰੀ ਦੇ ਅਹੁਦੇ ਲਈ ਪਾਰਟੀ ਸਾਹਮਣੇ ਰੱਖਿਆ ਅਤੇ ਸਾਰਿਆਂ ਨੇ ਉਸ ਨਾਲ ਸਹਿਮਤੀ ਜਤਾਈ ਸੀ। (Delhi News)