Delhi News: ਭਾਈ ਗਜਿੰਦਰ ਸਿੰਘ ਦੇ ਅਕਾਲ ਚਲਾਣੇ ‘ਤੇ ਪਰਮਜੀਤ ਸਰਨਾ ਵੱਲੋਂ ਦੁੱਖ ਦਾ ਪ੍ਰਗਟਾਵਾ
ਦਿੱਲੀ,5 ਜੁਲਾਈ(ਵਿਸ਼ਵ ਵਾਰਤਾ)Delhi News ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਦਲ ਖਾਲਸਾ ਜਥੇਬੰਦੀ ਦੇ ਬਾਨੀ ਭਾਈ ਗਜਿੰਦਰ ਸਿੰਘ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਆਪਣੇ ਸ਼ੋਕ ਸੰਦੇਸ਼ ਦੇ ਵਿੱਚ ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ, “ਉਹਨਾਂ ਦੇ ਵਿਛੋੜੇ ਬਾਰੇ ਸੁਣ ਕੇ ਮਨ ਗਮਗੀਨ ਜ਼ਰੂਰ ਹੋਇਆ ਪਰ ਇਸ ਗੱਲ ਦੀ ਤਸੱਲੀ ਹੈ ਕਿ ਉਹ ਗੁਰਬਾਣੀ ਦੇ ਮਹਾਂਵਾਕ ,”ਸੇਵਕ ਕੀ ਓੜਕਿ ਨਿਬਹੀ ਪ੍ਰੀਤਿ ॥” ਦੇ ਅਨੁਸਾਰ ਆਪਣੇ ਬੇਦਾਗ਼ ਚੋਲੇ ਨਾਲ ਇਸ ਸੰਸਾਰ ਤੋਂ ਗਏ ਹਨ।”ਉਨ੍ਹਾਂ ਕਿਹਾ ਕਿ, “ਉਹ ਸਦਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਰਹੇ ਤੇ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਿਯਾਦਾ ਦੇ ਧਾਰਨੀ ਰਹੇ । ਉਹਨਾਂ ਨੇ ਚਾਰ ਦਹਾਕੇ ਤੋਂ ਵੱਧ ਸਮਾਂ ਜਲਾਵਤਨੀ ਹੰਢਾਈ । ਉਹਨਾਂ ਨੂੰ ਤੇ ਉਹਨਾਂ ਦੀ ਸਿੰਘਣੀ ਨੂੰ ਨਾ ਤੇ ਆਪਣੀ ਧੀ ਦੇ ਆਨੰਦ ਕਾਰਜ ‘ਚ ਸ਼ਾਮਲ ਹੋਣ ਦਾ ਸਬੱਬ ਮਿਲਿਆ ਤੇ ਨਾ ਹੀ ਉਹ ਆਪਣੀ ਸਿੰਘਣੀ ਦੇ ਅਕਾਲ ਚਲਾਣੇ ਮੌਕੇ ਸੰਸਕਾਰ ‘ਚ ਸ਼ਾਮਲ ਹੋ ਸਕੇ । ਪਰ ਫੇਰ ਵੀ ਉਹਨਾਂ ਆਪਣਾ ਸਿਦਕ ਕਾਇਮ ਰੱਖਿਆ।” ਸਰਨਾ ਨੇ ਦੱਸਿਆ ਕਿ, “ਜਦੋਂ ਵੀ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਲਈ ਜਾਣਾ ਦਾ ਸੁਭਾਗ ਮਿਲਿਆ ਤਾਂ ਬਹੁਤਾਂ ਤੇ ਨਹੀਂ ਪਰ ਕੁੱਝ ਕੁ ਵਾਰ ਗੁਰੂ ਘਰਾਂ ਵਿੱਚ ਸਬੱਬੀ ਇਹਨਾਂ ਨੂੰ ਮਿਲਣ ਦਾ ਮੌਕਾ ਵੀ ਮਿਲਦਾ ਰਿਹਾ । ਉਹ ਹਮੇਸ਼ਾ ਹੀ ਖ਼ਾਲਸਾ ਪੰਥ ਦੀ ਚੜਦੀ ਕਲਾ ਤੇ ਸਿੱਖਾਂ ਦੀ ਆਪਸੀ ਏਕਤਾ ਤੇ ਇਤਫ਼ਾਕ ਦੇ ਹਾਮੀ ਸਨ । ਉਹਨਾਂ ਆਪਣੀਆਂ ਲਿਖਤਾਂ ਰਾਹੀਂ ਵੀ ਕੌਮੀ ਇਤਫ਼ਾਕ ਤੇ ਜ਼ੋਰ ਦਿੱਤਾ । ਉਹ ਇੱਕ ਉੱਚ ਕੋਟੀ ਦੇ ਕਵੀ ਵੀ ਸਨ ਤੇ ਉਹਨਾਂ ਦੀਆਂ ਕਵਿਤਾਵਾਂ ਸਿੱਖਾਂ ਦੇ ਸੰਘਰਸ਼ ਤੇ ਦਰਸ਼ਨ ਦੁਆਲੇ ਕੇਂਦਰਤ ਸਨ। ਅਕਾਲ ਪੁਰਖ ਵੱਲੋਂ ਬਖਸ਼ੇ ਸੁਆਸਾਂ ਨੂੰ ਖਰਚਦੇ ਹੋਏ । ਉਹ ਇਸ ਫਾਨੀ ਸੰਸਾਰ ਨੂੰ ਸਦੀਵੀ ਫਤਿਹ ਬੁਲਾ ਗਏ ਹਨ । ਮੇਰੀ ਗੁਰੂ ਸਾਹਿਬ ਅੱਗੇ ਅਰਦਾਸ ਹੈ ਕਿ ਉਹਨਾਂ ਦੀ ਸੇਵਾ ਥਾਏ ਪਾਉਂਦਿਆਂ ਸੱਚੇ ਗੁਰਸਿੱਖ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਤੇ ਪਰਿਵਾਰ ਅਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।”