DELHI NEWS -ਚੰਡੀਗੜ੍ਹ, 1ਜੁਲਾਈ(ਵਿਸ਼ਵ ਵਾਰਤਾ)- ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਏ ਯਾਤਰਾ ਦੀ ਤਰਜ਼ ‘ਤੇ ਹਰਿਆਣਾ ਕਾਂਗਰਸ ਸੰਵਿਧਾਨ ਬਚਾਓ ਯਾਤਰਾ ਕੱਢਣ ਦੀ ਤਿਆਰੀ ਕਰ ਰਹੀ ਹੈ। ਇਸ ਲਈ ਵਿਉਂਤਬੰਦੀ ਚੱਲ ਰਹੀ ਹੈ। ਇਸ ਯਾਤਰਾ ਨੂੰ ਲੈ ਕੇ ਛੇਤੀ ਹੀ ਨਵੀਂ ਦਿੱਲੀ ਵਿੱਚ ਹਰਿਆਣਾ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਹੋਵੇਗੀ। ਇਸ ਮੀਟਿੰਗ ਵਿੱਚ ਯਾਤਰਾ ਸਬੰਧੀ ਵਿਆਪਕ ਕਾਰਜ ਯੋਜਨਾ ਤਿਆਰ ਕੀਤੀ ਜਾਵੇਗੀ। ਇਹ ਯਾਤਰਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਕੱਢੀ ਜਾਵੇਗੀ।
ਦਰਅਸਲ, ਲੋਕ ਸਭਾ ਚੋਣਾਂ ਵਿਚ ਸੰਵਿਧਾਨ ਅਤੇ ਰਾਖਵੇਂਕਰਨ ਦੇ ਮੁੱਦੇ ‘ਤੇ ਅਨੁਸੂਚਿਤ ਜਾਤੀਆਂ ਦਾ ਵੋਟ ਬੈਂਕ ਕਾਂਗਰਸ ਦੇ ਖਾਤੇ ਵਿਚ ਆਇਆ ਸੀ। ਇਸ ਵੋਟ ਬੈਂਕ ਕਾਰਨ ਭਾਜਪਾ ਨੂੰ ਹਰਿਆਣਾ ਦੀਆਂ ਪੰਜ ਸੀਟਾਂ ‘ਤੇ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਵੋਟ ਬੈਂਕ ਨੂੰ ਆਪਣੇ ਨਾਲ ਜੋੜੀ ਰੱਖਣ ਲਈ ਕਾਂਗਰਸ ਨੇ ਇਸ ਯਾਤਰਾ ਦੀ ਯੋਜਨਾ ਬਣਾਈ ਹੈ।
ਕਾਂਗਰਸ ਦੇ ਹਰਿਆਣਾ ਮਾਮਲਿਆਂ ਦੇ ਇੰਚਾਰਜ ਦੀਪਕ ਬਾਰੀਆ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਾਰਟੀ ਇਸ ਬਾਰੇ ਵਿਚਾਰ ਕਰ ਰਹੀ ਹੈ। ਜਲਦ ਹੀ ਕੋਈ ਫੈਸਲਾ ਲਿਆ ਜਾਵੇਗਾ। ਐਤਵਾਰ ਨੂੰ ਚੰਡੀਗੜ੍ਹ ਸਥਿਤ ਸੂਬਾ ਕਾਂਗਰਸ ਹੈੱਡਕੁਆਰਟਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬਾਬਰੀਆ ਨੇ ਕਿਹਾ ਕਿ ਪਾਰਟੀ ਵਿਧਾਨ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ।
ਇਸ ਤੋਂ ਪਹਿਲਾਂ ਬਾਬਰੀਆ ਨੇ ਚੋਣ ਮਨੋਰਥ ਪੱਤਰ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ। ਪਾਰਟੀ ਨੇ ਜ਼ਿਲ੍ਹਾ ਪੱਧਰੀ ਸਬ-ਕਮੇਟੀਆਂ ਦਾ ਗਠਨ ਕੀਤਾ ਹੈ। ਮੈਨੀਫੈਸਟੋ ਲਈ 17 ਜ਼ਿਲ੍ਹਿਆਂ ਵਿੱਚ ਸਬ-ਕਮੇਟੀਆਂ ਬਣਾਈਆਂ ਗਈਆਂ ਹਨ। ਜਲਦੀ ਹੀ ਬਾਕੀ ਜ਼ਿਲ੍ਹਿਆਂ ਵਿੱਚ ਵੀ ਕਮੇਟੀਆਂ ਬਣਾਈਆਂ ਜਾਣਗੀਆਂ। ਪਾਰਟੀ ਨੇ ਫੈਸਲਾ ਕੀਤਾ ਹੈ ਕਿ ਜੁਲਾਈ ਦੇ ਅੰਤ ਤੱਕ ਜ਼ਿਲ੍ਹਾ ਸਬ ਕਮੇਟੀਆਂ ਤੋਂ ਰਿਪੋਰਟਾਂ ਲਈਆਂ ਜਾਣਗੀਆਂ। ਚੋਣ ਮੈਨੀਫੈਸਟੋ ਕਮੇਟੀ ਜ਼ਿਲ੍ਹਾ ਕਮੇਟੀਆਂ ਤੋਂ ਆਉਣ ਵਾਲੀਆਂ ਰਿਪੋਰਟਾਂ ‘ਤੇ ਬ੍ਰੇਨਸਟਰਮ ਕਰੇਗੀ ਅਤੇ ਉਸ ਤੋਂ ਬਾਅਦ ਚੋਣ ਮਨੋਰਥ ਪੱਤਰ ਨੂੰ ਅੰਤਿਮ ਰੂਪ ਦੇ ਕੇ ਜਾਰੀ ਕੀਤਾ ਜਾਵੇਗਾ।