DELHI ELECTIONS : ਦਿੱਲੀ ਚੋਣਾਂ ਵਿੱਚ ਛਾਏ ਸਿੱਖ ਲੀਡਰ ; ਪੰਜਾਬੀ ਵੋਟਰਾਂ ਨੇ ਖੁੱਲ ਕੇ ਕੀਤਾ ਸਮਰਥਨ
ਭਾਜਪਾ ਇਹਨਾਂ ਸਿੱਖ ਚਿਹਰਿਆਂ ਤੇ ਖੇਡ ਸਕਦੀ ਹੈ ਵੱਡਾ ਸਿਆਸੀ ਦਾਅ ! ਸੌਂਪ ਸਕਦੀ ਹੈ ਅਹਿਮ ਜਿੰਮੇਵਾਰੀ
ਚੰਡੀਗੜ੍ਹ, 8ਫਰਵਰੀ(ਵਿਸ਼ਵ ਵਾਰਤਾ) DELHI ELECTIONS : ਦਿੱਲੀ ਵਿਧਾਨ ਸਭਾ ਦੇ ਅੱਜ ਆਏ ਨਤੀਜਿਆਂ ਵਿੱਚ ਦਿੱਲੀ (DELHI )ਦੀ ਜਨਤਾ ਨੇ ਵੱਡਾ ਉਲਟਫੇਰ ਕਰਦਿਆਂ ਪਿਛਲੇ 10 ਸਾਲਾਂ ਤੋਂ ਦਿੱਲੀ ਦੀ ਸੱਤਾ ਤੇ ਕਾਬਜ ਆਮ ਆਦਮੀ ਪਾਰਟੀ ਨੂੰ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਪਿਛਲੇ ਲਗਭਗ ਤਿੰਨ ਦਹਾਕਿਆਂ ਤੋਂ ਸੱਤਾ ਵਿੱਚ ਆਉਂਣ ਦਾ ਸੁਪਨਾ ਦੇਖ ਰਹੀ ਭਾਰਤੀ ਜਨਤਾ ਪਾਰਟੀ ਦੇ ਹੱਥਾਂ ਵਿੱਚ ਕਮਾਨ ਸੌਂਪ ਦਿੱਤੀ ਹੈ।
ਦਿੱਲੀ ਦੀਆਂ ਸਾਰੀਆਂ 70 ਸੀਟਾਂ ਵਿੱਚੋਂ ਭਾਰਤੀ ਜਨਤਾ ਪਾਰਟੀ 47 ਸੀਟਾਂ ਜਿੱਤ ਕੇ ਆਪਣਾ ਮੁੱਖ ਮੰਤਰੀ ਬਣਾਉਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਨਾਲ ਹੀ ਪਿਛਲੇ 2 ਇਲੈਕਸ਼ਨਾਂ ਵਿੱਚ ਇੱਕਤਰਫ਼ਾ ਹੂੰਝਾਫੇਰ ਜਿੱਤ ਪ੍ਰਾਪਤ ਕਰਨ ਵਾਲੀ ਆਮ ਆਦਮੀ ਪਾਰਟੀ 23 ਸੀਟਾਂ ਤੇ ਸਿਮਟ ਕੇ ਰਹਿ ਗਈ ਹੈ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਸਾਰੇ ਹੀ ਵੱਡੇ ਲੀਡਰ ਹਾਰ ਗਏ ਹਨ।
ਹਾਲਾਂਕਿ ਚੋਣਾਂ ਤੋਂ ਐਨ ਪਹਿਲਾਂ ਮੁੱਖ ਮੰਤਰੀ ਬਣੀ ਆਤਿਸ਼ੀ ਆਪਣੀ ਸੀਟ ਬਚਾਉਣ ਵਿੱਚ ਕਾਮਯਾਬ ਰਹੀ ਹੈ।
ਇਸ ਦੇ ਨਾਲ ਹੀ ਇੱਕ ਵਾਰ ਫਿਰ ਤੋਂ ਦਿੱਲੀ(DELHI )ਦੀ ਸੱਤਾ ਵਿੱਚ ਵੱਡੇ ਪੱਧਰ ਤੇ ਸਿੱਖ ਆਗੂਆਂ ਦੀ ਵਾਪਸੀ ਹੋਈ ਹੈ, ਜਿਹਨਾਂ ਦਾ ਦਿੱਲੀ ਦੇ ਪੰਜਾਬੀ ਵੋਟਰਾਂ ਨੇ ਖੁੱਲ ਕੇ ਸਮਰਥਨ ਕੀਤਾ ਹੈ।
ਜਿਹਨਾਂ ਸਿੱਖ ਲੀਡਰਾਂ ਨੂੰ ਦਿੱਲੀ(DELHI)ਦੀ ਜਨਤਾ ਨੇ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਹੈ ਉਹਨਾਂ ਵਿੱਚ ਰਾਜੌਰੀ ਗਾਰਡਨ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਮਨਜਿੰਦਰ ਸਿੰਘ ਸਿਰਸਾ, ਗਾਂਧੀਨਗਰ ਸੀਟ ਤੋਂ ਅਰਵਿੰਦਰ ਸਿੰਘ ਲਵਲੀ, ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਖਿਲਾਫ ਜੰਗਪੁਰਾ ਤੋਂ ਤਰਵਿੰਦਰ ਸਿੰਘ ਮਾਰਵਾਹ ਅਤੇ ਇਹਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਕਾਲਕਾ ਜੀ ਤੋਂ ਆਤਿਸ਼ੀ ਸਿੰਘ ਅਤੇ ਤਿਲਕ ਨਗਰ ਤੋਂ ‘ਆਪ‘ ਦੇ ਜਰਨੈਲ ਸਿੰਘ ਦਾ ਨਾਮ ਸ਼ਾਮਲ ਹੈ।
ਲਗਭਗ ਤਿੰਨ ਦਹਾਕਿਆਂ ਦੇ ਲੰਮੇ ਅਰਸੇ ਮਗਰੋਂ ਸੱਤਾ ਸੰਭਾਲਣ ਜਾ ਰਹੀ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਦੀ ਦੌੜ ਵਿੱਚ ਸਿੱਖ ਆਗੂ ਵੀ ਸ਼ਾਮਲ ਹਨ। ਸਿਆਸੀ ਗਲਿਆਰਿਆਂ ਵਿੱਚ ਚੱਲ ਰਹੀਆਂ ਚਰਚਾਵਾਂ ਤੇ ਗੌਰ ਫਰਮਾਈਏ ਤਾਂ ਭਾਜਪਾ ਸਿੱਖ ਆਗੂਆਂ ਤੇ ਵੱਡਾ ਦਾਅ ਲਗਾ ਸਕਦੀ ਹੈ। ਇਸ ਦੇ ਨਾਲ ਹੀ ਚਰਚਾ ਯੋਗ ਹੈ ਕਿ ਪੰਜਾਬ ਵਿੱਚ ਭਾਜਪਾ ਦਾ ਗ੍ਰਾਫ ਕਾਫੀ ਹੇਠਾਂ ਹੈ ਅਜਿਹੇ ਵਿੱਚ ਸਿੱਖ ਜੇਕਰ ਕਿਸੇ ਸਿੱਖ ਆਗੂ ਨੂੰ ਦਿੱਲੀ ਦੀ ਸੱਤਾ ਵਿੱਚ ਵੱਡਾ ਰੋਲ ਮਿਲਦਾ ਹੈ ਤਾਂ ਇਸ ਦਾ ਅਸਰ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੇ ਪੈਣਾ ਲਾਜ਼ਮੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/