Delhi Air Pollution: ਵਧਦੇ ਪ੍ਰਦੂਸ਼ਣ ‘ਤੇ ਸੁਪਰੀਮ ਕੋਰਟ ਵੱਲੋਂ ਸਖਤ ਦਿਸ਼ਾ ਨਿਰਦੇਸ਼ ਜਾਰੀ
– ਸਕੂਲ ਕੀਤੇ ਜਾਣ ਬੰਦ, ਜਾਣੋ ਹੋਰ ਕੀ ਕੁਝ ਕਿਹਾ
ਨਵੀਂ ਦਿੱਲੀ, 18 ਨਵੰਬਰ : ਦਿੱਲੀ ‘ਚ ਪਿਛਲੇ ਕਈ ਦਿਨਾਂ ਤੋਂ ਪ੍ਰਦੂਸ਼ਣ ਬਹੁਤ ਖਤਰਨਾਕ ਪੱਧਰ ‘ਤੇ ਬਣਿਆ ਹੋਇਆ ਹੈ। ਸੋਮਵਾਰ ਸਵੇਰੇ ਇੱਥੇ ਔਸਤ AQI 481 ਦਰਜ ਕੀਤਾ ਗਿਆ। ਅਸ਼ੋਕ ਵਿਹਾਰ ਅਤੇ ਬਵਾਨਾ ਖੇਤਰਾਂ ਵਿੱਚ AQI 495 ਸੀ। ਸੋਮਵਾਰ ਸਵੇਰੇ ਏਅਰ ਇੰਡੀਆ, ਇੰਡੀਗੋ ਅਤੇ ਸਪਾਈਸ ਜੈੱਟ ਦੀਆਂ 15 ਉਡਾਣਾਂ ਨੂੰ ਡਾਇਵਰਟ ਕੀਤਾ ਗਿਆ। ਦਿੱਲੀ-ਐਨਸੀਆਰ ਵਿੱਚ ਵਧਦੇ ਪ੍ਰਦੂਸ਼ਣ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਇਸ ਦੌਰਾਨ ਅਦਾਲਤ ਨੇ ਕਈ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ।
ਸੁਪਰੀਮ ਕੋਰਟ ਨੇ 12ਵੀਂ ਜਮਾਤ ਤਕ ਦੇ ਦਿੱਲੀ ਐਨਸੀਆਰ ਦੇ ਸਾਰੇ ਸਕੂਲਾਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ 12ਵੀਂ ਜਮਾਤ ਤੱਕ ਦੀਆਂ ਫਿਜ਼ੀਕਲ ਕਲਾਸਾਂ ਬੰਦ ਕਰਨ ਬਾਰੇ ਵੀ ਜਲਦੀ ਫੈਸਲਾ ਲੈਣ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਇਹ ਵੀ ਹਦਾਇਤਾਂ ਦਿੱਤੀਆਂ ਕਿ ਅਦਾਲਤ ਤੋਂ ਪੁੱਛੇ ਬਿਨਾਂ GRAP-4 ਦੀਆਂ ਪਾਬੰਦੀਆਂ ਨੂੰ ਨਾ ਹਟਾਇਆ ਜਾਵੇ।
ਸੁਪਰੀਮ ਕੋਰਟ ਵੱਲੋਂ 5 ਵੱਡੇ ਨਿਰਦੇਸ਼
– ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਰਾਜ ਸਰਕਾਰਾਂ ਤੁਰੰਤ ਸਟੇਜ- 4 ਪਾਬੰਦੀਆਂ ਲਗਾਉਣ ਅਤੇ ਉਨ੍ਹਾਂ ਦੀ ਸਖਤੀ ਨਾਲ ਪਾਲਣਾ ਕਰਨ।
– ਸਟੇਜ-4 ਨੂੰ ਲਾਗੂ ਕਰਨ ਦੀ ਨਿਗਰਾਨੀ ਕਰਨ ਲਈ ਇਹਨਾਂ ਰਾਜਾਂ ਵਿੱਚ ਇੱਕ ਟੀਮ ਬਣਾਈ ਜਾਵੇ।
– ਜੇਕਰ ਕਿਸੇ ਪਾਬੰਦੀ ਦੀ ਉਲੰਘਣਾ ਹੁੰਦੀ ਹੈ, ਤਾਂ ਅਜਿਹੇ ਮਾਮਲਿਆਂ ਨੂੰ ਹੱਲ ਕਰਨ ਲਈ ਇੱਕ ਵਿਧੀ ਬਣਾਈ ਜਾਵੇ।
– ਜਦੋਂ ਤੱਕ ਅਗਲੇ ਹੁਕਮ ਜਾਰੀ ਨਹੀਂ ਹੁੰਦੇ, GRAP-4 ਦੀਆਂ ਪਾਬੰਦੀਆਂ ਨੂੰ ਨਾ ਹਟਾਇਆ ਜਾਵੇ।ਭਾਵੇਂ AQI 300 ਤੋਂ ਹੇਠਾਂ ਕਿਉਂ ਨਾ ਆ ਜਾਵੇ।
– 10ਵੀਂ ਅਤੇ 12ਵੀਂ ਦੀਆਂ ਜਮਾਤਾਂ ਅਜੇ ਚੱਲ ਰਹੀਆਂ ਹਨ, ਐਨਸੀਆਰ ਵਿੱਚ ਸ਼ਾਮਲ ਰਾਜ ਸਰਕਾਰਾਂ ਤੁਰੰਤ ਸਕੂਲਾਂ ਨੂੰ ਬੰਦ ਕਰਨ ਬਾਰੇ ਫੈਸਲਾ ਲੈਣ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/