Crime News : ਗੈਰਕਾਨੂੰਨੀ ਕਿਡਨੀ ਰੈਕਟ ਦਾ ਪਰਦਾਫਾਸ਼; ਮਹਿਲਾ ਡਾਕਟਰ ਸਮੇਤ 7 ਗ੍ਰਿਫਤਾਰ
ਨਵੀਂ ਦਿੱਲੀ 9 ਜੁਲਾਈ (ਵਿਸ਼ਵ ਵਾਰਤਾ)Crime News- ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਨੇ ਇੰਟਰਨੈਸ਼ਨਲ ਪੱਧਰ ਦੇ ਗੈਰ ਕਾਨੂੰਨੀ ਕਿਡਨੀ ਟਰਾਂਸਪਲਾਂਟ ਰੈਕਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਮੁਤਾਬਿਕ ਇਸ ਕਿਡਨੀ ਰੈਕਟ ਦਾ ਕਨੈਕਸ਼ਨ ਗੁਆਂਢੀ ਦੇਸ਼ ਬੰਗਲਾਦੇਸ਼ ਦੇ ਨਾਲ ਜੁੜਦਾ ਹੈ। ਇਸ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਨੇ ਸੱਤ ਲੋਕਾਂ ਸਮੇਤ ਇੱਕ ਮਹਿਲਾ ਡਾਕਟਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਕਿਡਨੀ ਰੈਕਟ ਦਾ ਜਾਲ ਬੰਗਲਾਦੇਸ਼ ਤੋਂ ਲੈ ਕੇ ਰਾਜਸਥਾਨ ਤੱਕ ਚੱਲ ਰਿਹਾ ਸੀ ਤੇ ਇਸ ਦੇ ਵਿੱਚ 50 ਸਾਲਾਂ ਦੀ ਮਹਿਲਾ ਡਾਕਟਰ ਅਹਿਮ ਭੂਮਿਕਾ ਦੇ ਵਿੱਚ ਸੀ। ਇਸ ਮਹਿਲਾ ਡਾਕਟਰ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਪੁਲਿਸ ਨੇ ਜਦੋਂ ਪੁੱਛਗਿੱਛ ਕੀਤੀ ਤਾਂ ਹੈਰਾਨਕੁਨ ਖੁਲਾਸੇ ਉਸ ਵੱਲੋਂ ਕੀਤੇ ਗਏ ਹਨ। ਦਿੱਲੀ ਪੁਲਿਸ ਮੁਤਾਬਕ ਇੱਕ ਦੋ ਨਹੀਂ ਬਲਕਿ ਪੂਰੇ 16 ਅਪਰੇਸ਼ਨ ਇਸ ਮਹਿਲਾ ਡਾਕਟਰ ਵੱਲੋਂ ਕੀਤੇ ਜਾ ਚੁੱਕੇ ਹਨ। ਕਿਡਨੀ ਰੈਕਟ ਦਾ ਇਹ ਧੰਦਾ ਬੰਗਲਾਦੇਸ਼ ਤੋਂ ਚਲਾਇਆ ਜਾ ਰਿਹਾ ਸੀ। ਜਿਸ ਦੇ ਆਪਰੇਸ਼ਨ ਦਿੱਲੀ NCR ਵਿਚ ਕੀਤੇ ਜਾਂਦੇ ਸਨ। ਦਿੱਲੀ ਪੁਲਿਸ ਨੂੰ ਪਤਾ ਲੱਗਾ ਹੈ ਕਿ, ਫੜੀ ਗਈ ਮਹਿਲਾ ਡਾਕਟਰ ਵੱਲੋ 15 ਤੋਂ 16 ਓਪਰੇਸ਼ਨ ਨੋਇਡਾ ਦੇ ਇਕ ਹਸਪਤਾਲ ਵਿਚ ਕੀਤੇ ਗਏ ਹਨ। ਮਹਿਲਾ ਡਾਕਟਰ ‘ਤੇ ਇਲਜ਼ਾਮ ਹਨ ਕਿ ਉਸਦੇ ਪ੍ਰਾਈਵੇਟ ਸਹਾਇਕ ਦੇ ਬੈਂਕ ਅਕਾਊਂਟ ਵਿਚ ਕਿਡਨੀ ਰੈਕਟ ਦਾ ਪੈਸਾ ਆਉਂਦਾ ਸੀ ਜਿਸਨੂੰ ਮਹਿਲਾ ਡਾਕਟਰ ਕੈਸ਼ ਕਢਵਾ ਲੈਂਦੀ ਸੀ। ਇਸ ਰੈਕਟ ਬਾਰੇ ਇਹ ਖੁਲਾਸਾ ਵੀ ਹੋਇਆ ਹੈ ਕਿ, ਗਰੀਬ ਬੰਗਲਾਦੇਸ਼ੀਆਂ ਨੂੰ ਨੌਕਰੀ ਦਾ ਲਾਲਚ ਦੇ ਕੇ ਨਿਸ਼ਾਨਾ ਬਣਾਇਆ ਜਾਂਦਾ ਸੀ। ਅਜਿਹੇ ਲੋਕਾਂ ਨੂੰ ਨਕਲੀ ਦਸਤਾਵੇਜਾਂ ਦੇ ਅਧਾਰ ‘ਤੇ ਭਰਤੀ ਕਰਕੇ ਉਨ੍ਹਾਂ ਦੀ ਕਿਡਨੀ ਕੱਢੀ ਜਾਂਦੀ ਸੀ। ਪੁਲਿਸ ਵੱਲੋ ਦਿੱਤੀ ਜਾਣਕਾਰੀ ਮੁਤਾਬਕ ਕਿਡਨੀ ਟਰਾਂਸਪਲਾਂਟ ਲਈ 25 ਲੱਖ ਤੋਂ ਲੈ ਕੇ 35 ਲੱਖ ਰੁਪਏ ਤੱਕ ਵਸੂਲ ਕੀਤੇ ਜਾਂਦੇ ਸਨ।