ਟੀ 20 ਵਿਸ਼ਵ ਕੱਪ ’ਚ ਕੰਗਾਰੂ ਹੋਏ ਵੱਡੇ ਉਲਟਫੇਰ ਦਾ ਸ਼ਿਕਾਰ
ਬੰਗਲਾਦੇਸ਼ ਨੂੰ ਹਰਾ ਕੇ ਸੈਮੀਫਾਈਨਲ ‘ਚ ਪਹੁੰਚਿਆ ਅਫਗਾਨਿਸਤਾਨ – ਆਸਟ੍ਰੇਲੀਆ ਬਾਹਰ
ਹੁਣ ਸੈਮੀਫਾਈਨਲ ’ਚ ਦੱਖਣੀ ਅਫਰੀਕਾ ਨਾਲ ਭਿੜੇਗਾ ਅਫਗਾਨਿਸਤਾਨ
ਚੰਡੀਗੜ੍ਹ, 25ਜੂਨ(ਵਿਸ਼ਵ ਵਾਰਤਾ)- ਅਫਗਾਨਿਸਤਾਨ ਦੀ ਟੀਮ ਨੇ ਵੈਸਟਇੰਡੀਜ਼ ਦੇ ਸੇਂਟ ਵਿਸੇਂਟ ਸਟੇਡੀਅਮ ‘ਚ ਰਾਸ਼ਿਦ ਖਾਨ ਦੀ ਕਪਤਾਨੀ ‘ਚ ਇਤਿਹਾਸ ਰਚ ਦਿੱਤਾ। CRICKET NEWS : ਅੱਜ ਬੰਗਲਾਦੇਸ਼ ਖਿਲਾਫ ਮੈਚ ‘ਚ ਰਾਸ਼ਿਦ ਖਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਅਫਗਾਨਿਸਤਾਨ ਨੇ 115 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰ ਰਹੀ ਬੰਗਲਾਦੇਸ਼ ਟੀਮ ਦੀਆਂ ਵਿਕਟਾਂ ਲਗਾਤਾਰ ਡਿੱਗਦੀਆਂ ਰਹੀਆਂ। ਬੰਗਲਾਦੇਸ਼ ਦੀ ਟੀਮ 105 ਦੌੜਾਂ ‘ਤੇ ਆਲ ਆਊਟ ਹੋ ਗਈ। ਅਫਗਾਨਿਸਤਾਨ ਦੇ ਤੇਜ਼ ਗੇਂਦਬਾਜ਼ ਨਵੀਨ ਉਲ ਹੱਕ ਨੇ 18ਵੇਂ ਓਵਰ ‘ਚ ਲਗਾਤਾਰ 2 ਵਿਕਟਾਂ ਲੈ ਕੇ ਅਫਗਾਨਿਸਤਾਨ ਲਈ ਮੈਚ ਜਿੱਤ ਲਿਆ। ਇਸ ਮੈਚ ‘ਚ ਕਪਤਾਨ ਰਾਸ਼ਿਦ ਨੇ ਵੀ 4 ਵਿਕਟਾਂ ਲਈਆਂ।
ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ ਹਰਾ ਕੇ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਸੈਮੀਫਾਈਨਲ ਵਿੱਚ ਥਾਂ ਬਣਾਈ ਹੈ। ਕੰਗਾਰੂ ਟੀਮ ਇਸ ਵੱਡੇ ਉਲਟਫੇਰ ਦਾ ਸ਼ਿਕਾਰ ਹੋ ਗਈ ਹੈ। ਅਫਗਾਨਿਸਤਾਨ ਦੀ ਜਿੱਤ ਨਾਲ ਆਸਟ੍ਰੇਲੀਆ ਦੀਆਂ ਸੈਮੀਫਾਈਨਲ ‘ਚ ਪਹੁੰਚਣ ਦੀਆਂ ਉਮੀਦਾਂ ਖਤਮ ਹੋ ਗਈਆਂ। ਸੁਪਰ-8 ਦੇ 3 ਮੈਚਾਂ ‘ਚ ਆਸਟ੍ਰੇਲੀਆ ਨੇ ਸਿਰਫ ਇਕ ਜਿੱਤਿਆ ਹੈ ਅਤੇ ਉਸ ਦੇ 2 ਅੰਕ ਹਨ। ਅਫਗਾਨਿਸਤਾਨ ਨੇ 2 ਮੈਚ ਜਿੱਤ ਕੇ 4 ਅੰਕਾਂ ਨਾਲ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ। ਹੁਣ 27 ਜੂਨ ਨੂੰ ਤ੍ਰਿਨੀਦਾਦ ‘ਚ ਸਵੇਰੇ 6 ਵਜੇ ਸੈਮੀਫਾਈਨਲ ‘ਚ ਅਫਗਾਨਿਸਤਾਨ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ। ਟੀਮ ਇੰਡੀਆ ਇਸੇ ਦਿਨ ਸ਼ਾਮ 8 ਵਜੇ ਗੁਆਨਾ ‘ਚ ਇੰਗਲੈਂਡ ਖਿਲਾਫ ਸੈਮੀਫਾਈਨਲ ਖੇਡੇਗੀ।