CM ਮਾਨ ਦੀ ਫ਼ੇਰੀ ਦਾ ਅਸਰ! ਜੱਦੀ ਪਿੰਡ ਸਤੌਜ ’ਚ ਬਣੀ ਸਰਬਸੰਮਤੀ ਦੀ ਪੰਚਾਇਤ
ਚੰਡੀਗੜ੍ਹ, 7ਅਕਤੂਬਰ(ਵਿਸ਼ਵ ਵਾਰਤਾ) : ਕੁਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਆਪਣੇ ਜੱਦੀ ਪਿੰਡ ਸਤੌਜ ਦੀ ਫੇਰੀ ਦਾ ਅੱਜ ਅਸਰ ਦੇਖਣ ਨੂੰ ਮਿਲਿਆ ਹੈ, ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਵਾਸੀਆਂ ਨੂੰ ਪੰਚਾਇਤ ਚੌਣਾਂ ‘ਚ ਏਕਤਾ ਬਣਾਉਣ ਦੀ ਅਪੀਲ ਕੀਤੀ ਸੀ। ਸਰਪੰਚੀ ਲਈ ਮੁਕਾਬਲੇ ‘ਚ ਉੱਤਰੇ ਤਿੰਨ ਉਮੀਦਵਾਰਾਂ ਵਿਚੋਂ ਦੋ ਨੇ ਆਪਣੇ ਕਾਗਜ਼ ਵਾਪਸ ਲੈ ਲਏ ਹਨ। ਜਿਸ ਤੋਂ ਬਾਅਦ ਹਰਬੰਸ ਸਿੰਘ ਹੈਪੀ ਸਿੱਧੂ ਨੂੰ ਪਿੰਡ ਸਤੌਜ ਦਾ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਗਿਆ ਹੈ। ਇਸ ਤੋਂ ਇਲਾਵਾ ਪੰਚਾਇਤ ਮੈਂਬਰੀ ਦੇ 9 ਵਾਰਡਾਂ ਵਿਚੋਂ 8 ਵਾਰਡਾਂ ਵਿਚ ਵੀ ਸਹਿਮਤੀ ਬਣ ਗਈ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 3 ਅਕਤੂਬਰ ਨੂੰ ਪੰਚਾਇਤ ਚੋਣਾਂ ’ਚ ਸਰਬਸੰਮਤੀ ਦੀ ਅਪੀਲ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਖੁਦ ਆਪਣੇ ਪਿੰਡ ਸਤੌਜ ਪੁੱਜੇ ਸਨ, ਜਿੱਥੇ ਉਨ੍ਹਾਂ ਪਿੰਡ ਦੇ ਲੋਕਾਂ ਨਾਲ ਸੱਥ ਵਿਚ ਮੰਜੇ ‘ਤੇ ਬੈਠ ਕੇ ਗੱਲਾਂ ਕੀਤੀਆਂ ਸਨ। ਇਸ ਦੌਰਾਨ ਉਨ੍ਹਾਂ ਆਪਣੇ ਭਾਸ਼ਣ ਵਿਚ ਵੀ ਪਿੰਡ ਵਾਸੀਆਂ ਨੂੰ ਪੰਚਾਇਤ ਚੋਣਾਂ ‘ਚ ਮਿਸਾਲ ਬਣਨ ਦੀ ਅਪੀਲ ਕੀਤੀ ਸੀ।