Chhath Puja : ਯਮੁਨਾ ਘਾਟ ‘ਤੇ ਨਹੀਂ ਹੋਵੇਗੀ ਛਠ ਪੂਜਾ ; ਦਿੱਲੀ ਹਾਈਕੋਰਟ ਦਾ ਇਜਾਜ਼ਤ ਦੇਣ ਤੋਂ ਇਨਕਾਰ
ਚੰਡੀਗੜ੍ਹ, 6ਨਵੰਬਰ(ਵਿਸ਼ਵ ਵਾਰਤਾ) ਛਠ ਪੂਜਾ ਦੇ ਮੁੱਦੇ ‘ਤੇ ਦਾਇਰ ਪਟੀਸ਼ਨ ‘ਤੇ ਅੱਜ ਬੁੱਧਵਾਰ ਨੂੰ ਦਿੱਲੀ ਹਾਈ ਕੋਰਟ ‘ਚ ਸੁਣਵਾਈ ਹੋਈ। ਅਦਾਲਤ ਨੇ ਯਮੁਨਾ ਦੇ ਕਿਨਾਰੇ ਛਠ ਪੂਜਾ ਕਰਨ ਬਾਰੇ ਪਟੀਸ਼ਨਕਰਤਾ ਦਾ ਪੱਖ ਸੁਣਨ ਤੋਂ ਬਾਅਦ ਪੂਜਾ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦਿੱਲੀ ਹਾਈਕੋਰਟ ਨੇ ਕਿਹਾ ਕਿ ਯਮੁਨਾ ਦੀ ਹਾਲਤ ਅਜਿਹੀ ਨਹੀਂ ਹੈ ਕਿ ਇਸ ਦੇ ਅੰਦਰ ਪੂਜਾ ਕੀਤੀ ਜਾ ਸਕੇ। ਕੋਰਟ ਨੇ ਕਿਹਾ ਕੀ ਇਹ ਲੋਕਾਂ ਲਈ ਨੁਕਸਾਨਦੇਹ ਹੋ ਸਕਦਾ ਹੈ, ਕਿਉਂਕਿ ਇੱਥੇ ਬਹੁਤ ਪ੍ਰਦੂਸ਼ਣ ਹੈ। ਹਾਈ ਕੋਰਟ ਨੇ ਇਹ ਵੀ ਕਿਹਾ ਕਿ ਹਾਲ ਹੀ ‘ਚ ਇਕ ਵਿਅਕਤੀ ਨੇ ਯਮੁਨਾ ‘ਚ ਡੁਬਕੀ ਲਈ ਸੀ, ਜਿਸ ਤੋਂ ਬਾਅਦ ਉਸ ਨੂੰ ਦੋ ਦਿਨ ਹਸਪਤਾਲ ਦੇ ਆਈਸੀਯੂ ‘ਚ ਭਰਤੀ ਕਰਨਾ ਪਿਆ ਸੀ। ਅਜਿਹੇ ਹਾਲਾਤ ਵਿੱਚ ਪੂਜਾ ਦੀ ਇਜਾਜ਼ਤ ਦੇਣਾ ਉਚਿਤ ਨਹੀਂ ਹੋਵੇਗਾ। ਦਿੱਲੀ ਹਾਈ ਕੋਰਟ ਤੋਂ ਇਜਾਜ਼ਤ ਨਾ ਮਿਲਣ ਤੋਂ ਬਾਅਦ ਦਿੱਲੀ ਸਰਕਾਰ ਦੇ ਅਧਿਕਾਰੀਆਂ ਨੇ ਯਮੁਨਾ ਦੇ ਕਿਨਾਰੇ ਛਠ ਪੂਜਾ ਮਨਾਉਣ ‘ਤੇ ਪਾਬੰਦੀ ਲਗਾ ਦਿੱਤੀ ਸੀ। ਤੁਹਾਨੂੰ ਦੱਸ ਦੇਈਏ ਕਿ ਛਠ ਪੂਜਾ ਪੂਰਵਾਂਚਲ ਸਮੇਤ ਦੇਸ਼ ਭਰ ਦੇ ਲੋਕਾਂ ਲਈ ਆਸਥਾ ਦਾ ਤਿਉਹਾਰ ਹੈ। ਇਹ ਇੱਕ ਤਿਉਹਾਰ ਹੈ ਜਿਸ ਵਿੱਚ ਸੂਰਜ ਚੜ੍ਹਨ ਅਤੇ ਸੂਰਜ ਡੁੱਬਣ ਵੇਲੇ ਭਗਵਾਨ ਸੂਰਜ ਨੂੰ ਜਲ ਚੜ੍ਹਾਇਆ ਜਾਂਦਾ ਹੈ। ਇਹ ਤਿਉਹਾਰ ਸਾਰਿਆਂ ਦੀ ਭਲਾਈ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਹਾਈ ਕੋਰਟ ਵਿੱਚ ਕਿਹਾ ਸੀ ਕਿ ਛਠ ਪੂਜਾ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਦਿੱਲੀ ਸਰਕਾਰ ਨੇ ਕਿਹਾ ਕਿ ਦਿੱਲੀ ਭਰ ਵਿੱਚ ਲਗਭਗ ਇੱਕ ਹਜ਼ਾਰ ਥਾਵਾਂ ‘ਤੇ ਛਠ ਪੂਜਾ ਦੇ ਪ੍ਰਬੰਧ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਕੁਝ ਨਦੀ ਘਾਟਾਂ ਦੇ ਨੇੜੇ ਹਨ। ਜਿੱਥੇ ਪ੍ਰਦੂਸ਼ਣ ਦਾ ਪੱਧਰ ਘੱਟ ਹੈ। ਦਿੱਲੀ ਸਰਕਾਰ ਨੇ ਮੰਨਿਆ ਕਿ ਯਮੁਨਾ ‘ਚ ਬਹੁਤ ਜ਼ਿਆਦਾ ਪ੍ਰਦੂਸ਼ਣ ਹੈ। ਉਥੇ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/