ਮੰਡੀਆਂ ਵਿੱਚ ਪਹੁੰਚੀ 41.04 ਲੱਖ ਮੀਟ੍ਰਿਕ ਟਨ ਝੋਨੇ ਦੀ ਫਸਲ, 37.12 ਲੱਖ ਮੀਟ੍ਰਿਕ ਟਨ ਦੀ ਹੋਈ ਖਰੀਦ
ਪੰਜਾਬ ਮੰਡੀ ਬੋਰਡ ਵੱਲੋਂ ਸੂਬੇ ਦੀਆਂ ਮੰਡੀਆਂ ਵਿੱਚ ਖਰੀਦ ਕਾਰਜਾਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਕੀਤੇ ਗਏ ਹਨ ਪੁੱਖਤਾ ਪ੍ਰਬੰਧ, ਸੀਜਨ ਦੌਰਾਨ 2887 ਖਰੀਦ ਕੇਂਦਰ ਚੱਲ ਰਹੇ ਹਨ
ਮੋਹਾਲੀ / ਚੰਡੀਗੜ੍ਹ, 24 ਅਕਤੂਬਰ, 2024( ਵਿਸ਼ਵ ਵਾਰਤਾ ) – ਆਮ ਆਦਮੀ ਪਾਰਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾਂ ਤੋਂ ਹੀ ਪੰਜਾਬ ਨਾਲ ਧੱਕਾ ਕਰਦੀ ਆਈ ਹੈ, ਫਿਰ ਭਾਵੇਂ ਉਹ ਭਾਜਪਾ ਦੀ ਸਰਕਾਰ ਹੋਵੇ ਜਾਂ ਕਾਂਗਰਸ ਦੀ। ਕੇਂਦਰ ਸਰਕਾਰ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ ਅਤੇ ਕੇਂਦਰ ਸਰਕਾਰ ਦੇ ਮਤਰੇਈ ਮਾਂ ਵਾਲੇ ਸਲੂਕ ਕਰਕੇ ਹੀ ਪੰਜਾਬ ਦੀਆਂ ਮੰਡੀਆਂ ਵਿਚੋਂ ਝੋਨੇ ਦੀ ਚੁਕਾਈ ਨੂੰ ਲੈ ਕੇ ਸਮੱਸਿਆਵਾਂ ਪੇਸ਼ ਆ ਰਹੀਆਂ ਹਨ। ਸ. ਬਰਸਟ ਨੇ ਕਿਹਾ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਪੰਜਾਬ ਰਾਜ ਦੇ ਗੋਦਾਮਾਂ ‘ਚ ਪਹਿਲਾਂ ਤੋਂ ਪਏ ਅਨਾਜ ਭੰਡਾਰ ਨੂੰ ਸ਼ਿਫਟ ਕਰਨ ਵਿੱਚ ਦੇਰੀ ਕਰ ਰਹੀ ਹੈ, ਜਦਕਿ ਪੰਜਾਬ ਦੇ ਸੈਲਰਾਂ ਵਿੱਚ ਵੀ ਕਰੀਬ 20 ਹਜਾਰ ਮੀਟ੍ਰਿਕ ਟਨ ਚੌਲ ਸਟੋਰ ਵਿੱਚ ਪਿਆ। ਇਸੇ ਤਰ੍ਹਾਂ ਪੰਜਾਬ ਦੇ ਗੁਦਾਮਾਂ ਵਿੱਚ ਫਿਰ ਭਾਵੇਂ ਉਹ ਗੁਦਾਮ ਐਫ.ਸੀ.ਆਈ., ਵੇਅਰਹਾਊਸ ਜਾਂ ਕੋਈ ਹੋਰ ਗੁਦਾਮ ਹੀ ਹਨ, ਉਹਨਾਂ ਵਿੱਚ ਕਰੀਬ 140 ਲੱਖ ਮੀਟ੍ਰਿਕ ਟਨ ਚਾਵਲ ਤੇ ਕਣਕ ਦਾ ਭੰਡਾਰ ਪਿਆ ਹੈ ਅਤੇ ਇਹ ਸਾਰਾ ਭੰਡਾਰ ਕੇਂਦਰ ਸਰਕਾਰ ਦਾ ਹੈ, ਜਿਸਨੂੰ ਕੇਂਦਰ ਸਰਕਾਰ ਵੱਲੋਂ ਸਮੇਂ ਸਿਰ ਨਹੀਂ ਚੁੱਕਾਇਆ ਗਿਆ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਕੇਂਦਰੀ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਵੀ ਗੱਲਬਾਤ ਕੀਤੀ ਜਾ ਚੁੱਕੀ ਹੈ, ਪਰ ਇਸਦੇ ਬਾਵਜੂਦ ਅਜੇ ਤੱਕ ਪੰਜਾਬ ਦੇ ਮੁੱਦਿਆਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਵੱਲੋਂ ਸੈਲਰ ਮਾਲਕਾਂ ਨਾਲ ਵੀ ਮੁਲਾਕਾਤ ਕੀਤੀ ਗਈ ਹੈ, ਜਦਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਸਬੰਧ ਵਿੱਚ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਕਿਸਾਨਾਂ, ਆੜ੍ਹਤੀਆਂ, ਮਜਦੂਰਾਂ, ਸ਼ੈਲਰ ਮਾਲਕਾਂ ਅਤੇ ਵਪਾਰੀਆਂ ਦੀ ਸਮੱਸਿਆਵਾਂ ਦਾ ਹੱਲ ਕਰੇ। ਆੜ੍ਹਤੀਆਂ ਦੀ ਆੜ੍ਹਤ 2.5% ਕਰਨ ਸਬੰਧੀ ਫੈਸਲਾ ਲੈਣਾ, ਚਾਵਲਾ ਦੀ ਆਊਟ ਟਰਨ 67% ਤੋਂ 62% ਕਰਨ ਸਬੰਧੀ ਕਿਉਂਕਿ ਪੀਆਰ 126 ਨਵੀਂ ਕਿਸਮ ਦਾ ਚਾਵਲ ਘੱਟ ਨਿਕਲਦਾ ਹੈ, ਐਫਸੀਆਈ ਵੱਲ ਸ਼ੈਲਰ ਮਾਲਕਾਂ/ਆੜ੍ਹਤੀਆਂ/ਮਜਦੂਰਾਂ ਦਾ ਬਕਾਇਆ ਵਾਪਸ ਕਰਨ ਸਬੰਧੀ ਮੁੱਦੇ ਕੇਂਦਰ ਸਰਕਾਰ ਦੇ ਹਨ, ਜਿਨ੍ਹਾਂ ਤੋਂ ਕੇਂਦਰ ਸਰਕਾਰ ਭੱਜ ਰਹੀ ਹੈ। ਇਸ ਲਈ ਕੇਂਦਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਇਹਨਾਂ ਸਬੰਧੀ ਜਲਦ ਤੋਂ ਜਲਦ ਫੈਸਲੇ ਲਵੇ।