Chandigarh News: ਜਦੋਂ ਤੱਕ ਹਉਮੈ ਦਾ ਤਿਆਗ ਨਹੀਂ ਹੋਵੇਗਾ, ਮੁਆਫ਼ੀ ਦੀ ਭਾਵਨਾ ਪੈਦਾ ਨਹੀਂ ਹੋਵੇਗੀ: ਗੁਲਾਬ ਚੰਦ ਕਟਾਰੀਆ
ਜੈਨ ਧਰਮ ਦੇ ਚਾਰੋ ਭਾਈਚਾਰਿਆਂ ਵਲੋਂ ਪੰਜਾਬ ਰਾਜ ਭਵਨ ਵਿਖੇ ਮਨਾਇਆ ਗਿਆ ਛਮਾਪਨਾ ਦਿਵਸ
ਚੰਡੀਗੜ੍ਹ, 24 ਸਤੰਬਰ (ਵਿਸ਼ਵ ਵਾਰਤਾ): ਅੱਜ ਜੈਨ ਧਰਮ ਦੇ ਪੰਜਾਬ ਦੇ ਚਾਰੇ ਭਾਈਚਾਰਿਆਂ ਦੇ ਸੰਤਾਂ-ਮਹਾਂਪੁਰਸ਼ਾਂ ਆਪਣੇ ਪੈਰੋਕਾਰਾਂ ਸਮੇਤ ਪੰਜਾਬ ਰਾਜ ਭਵਨ ਦੇ ਗੁਰੁ ਨਾਨਕ ਆਡੀਟੋਰੀਅਮ ਵਿਖੇ ਕਰਵਾਏ ਗਏ ਛਮਾਪਨਾ ਸਮਾਗਮ ਵਿਚ ਸ਼ਾਮਿਲ ਹੋਏ। ਇਸ ਸਮਾਗਮ ਵਿਚ ਪੰਜਾਬ ਦੇ ਰਾਜਪਾਲ ਅਤੇ ਯੂ.ਟੀ ਚੰਡੀਗੜ੍ਹ ਦੇ ਪ੍ਰਸਾਸ਼ਕ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਅਪਣੀ ਪਤਨੀ ਸ੍ਰੀਮਤੀ ਅਨੀਤਾ ਕਟਾਰੀਆ ਸਮੇਤ ਸ਼ਮੂਲੀਅਤ ਕੀਤੀ।
ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਜੈਨ ਧਰਮ ਦਾ ਇਤਿਹਾਸ ਬਹੁਤ ਪੁਰਾਣਾ ਹੈ, ਜਿਸ ਵਿਚ ਛਮਾਪਨਾ ਦੀ ਬਹੁਤ ਹੀ ਅਹਿਮੀਤ ਹੈ। ਅੱਜ ਦੇ ਦਿਨ ਦੀ ਮਹੱਤਤਾ ਦਾ ਜ਼ਿਕਰ ਕਰਿਦਆਂ ਰਾਜਪਾਲ ਨੇ ਕਿਹਾ ਕਿ ਛਮਾਪਨਾ ਦਿਵਸ ਦਾ ਮਨੋਰਥ ਸਿਰਫ ਸਰੀਰ ਦੀ ਬਾਹਰੀ ਸ਼ੁੱਧੀ ਨਹੀਂ ਬਲਿਕ ਆਤਮਿਕ ਸ਼ੁੱਧੀ ਵੀ ਹੈ। ਉਨ੍ਹਾਂ ਕਿਹਾ ਕਿ ਮੁਆਫ਼ੀ ਤਾਂ ਹੀ ਸੰਭਵ ਹੈ ਜਦੋਂ ਅਸੀਂ ਆਪਣੀ ਹੰਕਾਰ ਨੂੰ ਛੱਡ ਕੇ ਸਿਹਜਤਾ ਦੇ ਮਾਰਗ ‘ਤੇ ਚੱਲਣਾ ਸ਼ੁਰੂ ਕਰ ਦਿੰਦੇ ਹਾਂ।
ਉਨ੍ਹਾਂ ਅੱਗੇ ਕਿਹਾ ਕਿ ਅੱਜ ਦੇ ਇਸ ਪਦਾਰਥਵਾਦੀ ਦੌਰ ਵਿਚ ਜਦੋਂ ਦੁਨੀਆ ਭਰ ਵਿਚ ਸਭ ਤੋਂ ਵੱਧ ਪਦਾਰਥ ਇਕੱਠੇ ਕਰਨ ਦੀ ਦੌੜ ਲੱਗੀ ਹੋਈ ਹੈ, ਉਸ ਦੌਰ ਵਿਚ ਜੈਨ ਧਰਮ ਦੀ ਖਾਸੀਆਤ ਹੈ ਕਿ ਇਸ ਦੇ ਮਾਰਗ ‘ਤੇ ਚੱਲਣ ਵਾਲੇ ਬਹੁਤ ਹੀ ਪੜੇ ਲਿਖੇ ਲੋਕ ਕਰੋੜਾਂ ਰੁਪਏ ਦੇ ਪੈਕੇਜ ਤਿਆਗ ਕੇ ਮੁਕਤੀ ਦੇ ਮਾਰਗ ਵੱਲ ਵਧਦੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੁਨੀਆਂ ਭਰ ਵਿਚ ਕੁਦਰਤੀ ਸਾਧਨਾਂ ਦੀ ਜੋ ਲੁੱਟ ਹੋ ਰਹੀ ਹੈ, ਉਸ ਦਾ ਸਭ ਤੋਂ ਵਧੀਆ ਹੱਲ ਭਗਵਾਨ ਮਹਾਂਵੀਰ ਜੀ ਵਲੋਂ ਜੈਨ ਧਰਮ ਵਿਚ ਦਰਸਾਇਆ ਗਿਆ ਹੈ, ਜਿਸ ਦੇ ਮਾਰਗ ‘ਤੇ ਚੱਲਣ ਵਾਲੇ ਸਿਰਫ ਲੋੜ ਅਨੁਸਾਰ ਹੀ ਕੁਦਰਤ ਦੇ ਸਾਧਨਾ ਦੀ ਘੱਟ ਤੋਂ ਘੱਟ ਵਰਤੋ ਕਰਦੇ ਹਨ।
ਰਾਜਪਾਲ ਨੇ ਅੱਗੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਵੀ ਸਾਡੀਆਂ ਅਮੀਰ ਸੰਸਕ੍ਰਿਤਕ ਪਰੰਪਰਾਵਾਂ ਤੋਂ ਜਾਣੂ ਕਰਵਾਉਣ ਲਈ ਅਜਿਹੀਆਂ ਧਾਰਿਮਕ ਸੰਸਥਵਾਂ ਨਾਲ ਜੋੜ ਕੇ ਰੱਖਣਾ ਚਾਹੀਦਾ ਹੈ।
ਸਮਾਗਮ ਵਿਚ ਸ਼ਾਮਿਲ ਹੋਣ ਲਈ ਮਨੀਸ਼ੀ ਸੰਤ ਮੁਨੀਸ਼੍ਰੀ ਵਿਨੇ ਕੁਮਾਰ ਜੀ ਆਲੋਕ ਸੈਕਟਰ-7 ਚੌਕ ਤੋਂ ਵਿਸ਼ਾਲ ਦੋਸਤੀ ਮਾਰਚ ਦੇ ਨਾਲ ਪੰਜਾਬ ਰਾਜ ਭਵਨ ਪਹੁੰਚੇ।
ਮਨੀਸ਼ੀ ਸੰਤ ਮੁਨੀਸ਼੍ਰੀ ਵਿਨੇ ਕੁਮਾਰ ਜੀ ਆਲੋਕ ਨੇ ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਿਦਆਂ ਕਿਹਾ ਕਿ ਮੁਆਫ਼ੀ ਦੇ ਇਸ ਤਿਉਹਾਰ ‘ਤੇ ਆਓ ਅਸੀਂ ਸਾਰੇ ਇੱਕ ਮੰਚ ‘ਤੇ ਇਕੱਠੇ ਹੋਈਏ ਅਤੇ ਆਪਣੇ ਮਨ ਦੇ ਛੋਟੇ-ਮੋਟੇ ਭੇਦਭਾਵ ਨੂੰ ਭੁਲਾ ਕੇ ਜੈਨ ਧਰਮ ਨੂੰ ਉਜਾਗਰ ਕਰੀਏ। ਮਨੀਸ਼ੀਸ਼ੰਤ ਨੇ ਕਿਹਾ ਕਿ ਧਰਮ ਕਰਦੇ ਸਮੇਂ ਦਿਖਾਵਾ ਨਹੀਂ ਕਰਨਾ ਚਾਹੀਦਾ। ਧਰਮ ਦਿਖਾਵੇ ਲਈ ਨਹੀਂ ਸਗੋਂ ਆਤਮਾ ਨੂੰ ਸ਼ੁੱਧ ਕਰਨ ਦਾ ਸਾਧਨ ਹੈ।
ਇਸ ਮੌਕੇ ਸੰਤ ਸਾਗਰ ਜੀ ਨੇ ਕਿਹਾ ਕਿ ਇਹ ਤਿਉਹਾਰ ਸਾਨੂੰ ਸਿਖਾਉਂਦਾ ਹੈ ਕਿ ਜੇਕਰ ਤੁਹਾਡੀਆਂ ਭਾਵਨਾਵਾਂ ਚੰਗੀਆਂ ਹਨ ਤਾਂ ਰੋਜ਼ਾਨਾ ਦੇ ਵਿਵਹਾਰ ਵਿੱਚ ਛੋਟੀਆਂ-ਛੋਟੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰ ਦਿਓ ਅਤੇ ਉਨ੍ਹਾਂ ਤੋਂ ਸਿੱਖ ਕੇ ਸਾਨੂੰ ਦੁਬਾਰਾ ਕੋਈ ਨਵੀਂ ਗਲਤੀ ਨਾ ਕਰਨ ਦੀ ਪ੍ਰੇਰਨਾ ਮਿਲਦੀ ਹੈ।
ਸਾਧਵੀ ਸ਼੍ਰੀ ਸੰਤੋਸ਼ ਮਹਾਰਾਜ ਨੇ ਆਪਣੇ ਵਿਚਾਰ ਪ੍ਰਗਟ ਕਰਿਦਆਂ ਕਿਹਾ ਕਿ ਜ਼ਿੰਦਗੀ ਵਿੱਚ ਇਨਸਾਨ ਹਰ ਥਾਂ ਬਾਈਪਾਸ ਦਾ ਰਸਤਾ ਅਪਣਾ ਰਿਹਾ ਹੁੰਦਾ ਹੈ, ਪਰ ਬਾਈਪਾਸ ਹਰ ਥਾਂ ਸੰਭਵ ਹੋ ਸਕਦਾ ਹੈ, ਪਰ ਮੁਆਫ਼ ਕਰਨ ਅਤੇ ਦੇਣ ਵੇਲੇ ਇਸਨੂੰ ਨਾ ਅਪਣਾਓ, ਮਾਫ਼ੀ ਮੰਗੋ ਤਾਂ ਦਿਲੋਂ ਮੰਗੋ।
ਇਸ ਦੌਰਾਨ ਸੈਕਟਰ-18 ਸਥਿਤ ਆਲ ਇੰਡੀਆ ਜੈਨ ਕਾਨਫਰੰਸ ਦੇ ਜਨਰਲ ਸਕੱਤਰ ਮੁਕੇਸ਼ ਜੈਨ, ਸੈਕਟਰ-28 ਸਥਿਤ ਸ਼ਵੇਤਾਂਬਰ ਮੂਰਤੀ ਪੂਜਾ ਸੁਸਾਇਟੀ ਦੇ ਸਕੱਤਰ ਸੁਸ਼ੀਲ ਜੈਨ, ਤੇਰਾਪੰਥ ਦੇ ਪ੍ਰਧਾਨ ਵੇਦ ਪ੍ਰਕਾਸ਼ ਜੈਨ ਅਤੇ ਵੱਡੀ ਗਿਣਤੀ ਵਿਚ ਦੂਰ-ਦੁਰਾਡੇ ਤੋਂ ਸ਼ਰਾਵਕ ਸਮਾਜ ਸ਼ਾਮਲ ਹੋਏ।