Chandigarh News : ਚੰਡੀਗੜ੍ਹ ਗ੍ਰਨੇਡ ਹਮਲੇ ਦੀ ਜਾਂਚ ਕਰੇਗੀ NIA , ਗ੍ਰਹਿ ਮੰਤਰਾਲੇ ਨੇ ਮੰਗੀ ਰਿਪੋਰਟ
ਚੰਡੀਗੜ੍ਹ, 13ਸਤੰਬਰ(ਵਿਸ਼ਵ ਵਾਰਤਾ) Chandigarh News -ਸੈਕਟਰ-10 ਦੀ ਕੋਠੀ ਨੰਬਰ 575 ਵਿੱਚ ਬੁੱਧਵਾਰ ਸ਼ਾਮ ਨੂੰ ਹੋਏ ਗ੍ਰਨੇਡ ਹਮਲੇ ਦੀ ਜਾਂਚ ਹੁਣ ਐਨਆਈਏ (ਰਾਸ਼ਟਰੀ ਜਾਂਚ ਏਜੰਸੀ) ਵੱਲੋਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਗ੍ਰਹਿ ਮੰਤਰਾਲੇ ਨੇ ਵਿਸਤ੍ਰਿਤ ਰਿਪੋਰਟ ਮੰਗੀ ਹੈ। ਇਸ ਹਮਲੇ ਵਿੱਚ ਅੰਤਰਰਾਸ਼ਟਰੀ ਅਤੇ ਅੱਤਵਾਦੀ ਸਬੰਧ ਹੋਣ ਕਾਰਨ ਇਹ ਜਾਂਚ ਐਨਆਈਏ ਨੂੰ ਸੌਂਪੀ ਗਈ ਹੈ।
ਦੂਜੇ ਪਾਸੇ ਵੀਰਵਾਰ ਨੂੰ ਫੇਸਬੁੱਕ ‘ਤੇ ਹੈਪੀ ਪਾਸ਼ੀਆ ਨਾਂ ਦੇ ਅਕਾਊਂਟ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਆਈਪੀਐਸ ਅਧਿਕਾਰੀ ਜਸਕੀਰਤ ਸਿੰਘ ਚਾਹਲ ਉੱਤੇ ਇਹ ਹਮਲਾ 1986 ਵਿੱਚ ਨਕੋਦਰ ਗੋਲੀਬਾਰੀ ਵਿੱਚ ਸਿੰਘਾਂ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੈਪੀ ਪਾਸ਼ੀਆ ਅੱਤਵਾਦੀ ਲਖਬੀਰ ਅਤੇ ਹਰਵਿੰਦਰ ਰਿੰਦਾ ਲਈ ਵੀ ਕੰਮ ਕਰਦਾ ਹੈ।
ਚੰਡੀਗੜ੍ਹ ਪੁਲੀਸ ਨੇ ਸੇਵਾਮੁਕਤ ਪ੍ਰਿੰਸੀਪਲ ਗੋਪੇਸ਼ ਮਲਹੋਤਰਾ ਦੇ ਘਰ ’ਤੇ ਹੈਂਡ ਗਰਨੇਡ ਹਮਲੇ ਦੇ ਮਾਮਲੇ ਵਿੱਚ ਯੂਏਪੀਏ ਤਹਿਤ ਕਾਰਵਾਈ ਕੀਤੀ ਹੈ। ਇਸ ਤੋਂ ਇਲਾਵਾ ਵਿਸਫੋਟਕ ਐਕਟ, ਕਤਲ ਦੀ ਕੋਸ਼ਿਸ਼ ਅਤੇ ਅਪਰਾਧਿਕ ਸਾਜ਼ਿਸ਼ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਚੰਡੀਗੜ੍ਹ ਪੁਲਿਸ ਨੇ ਹਮਲਾਵਰਾਂ ਬਾਰੇ ਸੂਚਨਾ ਦੇਣ ਵਾਲੇ ਨੂੰ 2 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ। ਚੰਡੀਗੜ੍ਹ ਪੁਲੀਸ ਦੇ ਸਾਰੇ ਸੀਨੀਅਰ ਅਧਿਕਾਰੀ ਜਾਂਚ ਵਿੱਚ ਲੱਗੇ ਹੋਏ ਹਨ। ਡੀਜੀਪੀ ਵੀ ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਤੋਂ ਲਗਾਤਾਰ ਅਪਡੇਟ ਲੈ ਰਹੇ ਹਨ।