ਚੰਡੀਗੜ੍ਹ 25ਅਗਸਤ (ਵਿਸ਼ਵ ਵਾਰਤਾ): ਪਰਲ ਗਰੁੱਪ ( PEARL GROUP ) ਦੇ ਚੈਅਰਮੈਨ ਨਿਰਮਲ ਸਿੰਘ ਭੰਗੂ ਦਾ ਅੱਜ ਨਵੀਂ ਦਿੱਲੀ ਵਿਖੇ ਦੇਹਾਂਤ ਹੋ ਗਿਆ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਅੱਜ ਜੇਲ੍ਹ ‘ਚ ਸਿਹਤ ਵਿਗੜਣ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਦੀਨ ਦਿਆਲ ਉਪਾਧਿਆਏ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਏ ਹਨ।
ਕੌਣ ਸੀ ਨਿਰਮਲ ਸਿੰਘ ਭੰਗੂ?
ਸ਼ੁਰੂਆਤ ਵਿੱਚ ਦੁੱਧ ਵੇਚਣ ਦਾ ਕਾਰੋਬਾਰ ਕਰਨ ਵਾਲੇ ਨਿਰਮਲ ਸਿੰਘ ਭੰਗੂ ( NIRMAL SINGH BHANGU ) ਕੁਝ ਹੀ ਸਾਲਾਂ ਵਿੱਚ ਪਰਲ ਗਰੁੱਪ ਦੇ ਜ਼ਰੀਏ ਕਰੋੜਾਂਪਤੀ ਬਣ ਗਏ ਸਨ। ਉਹਨਾਂ ਦੀ ਕੰਪਨੀ ਆਪਣੇ ਏਜੰਟਾਂ ਦੇ ਜਰੀਏ ਲੋਕਾਂ ਤੋਂ ਪੈਸਾ ਇਕੱਠਾ ਕਰਦੀ ਸੀ। ਕੰਪਨੀ ਨੇ ਦੇਸ਼ ਦੇ ਅਲੱਗ ਅਲੱਗ ਸੂਬਿਆਂ ਦੇ ਵਿੱਚ ਆਪਣੇ ਹਜ਼ਾਰਾਂ ਏਜੰਟ ਬਣਾਏ ਹੋਏ ਸਨ। ਦੇਸ਼ ਦੇ ਕਈ ਰਾਜਾਂ ਦੇ ਵਿੱਚ ਇਸ ਕੰਪਨੀ ਦਾ ਕਾਰੋਬਾਰ ਫੈਲਿਆ ਹੋਇਆ ਸੀ। ਇੱਥੇ ਹੀ ਨਹੀਂ ਵਿਦੇਸ਼ਾਂ ਦੇ ਰੀਅਲ ਸਟੇਟ ਵਿੱਚ ਵੀ ਅਤੇ ਹੋਟਲ ਕਾਰੋਬਾਰ ਦੇ ਵਿੱਚ ਵੀ ਕੰਪਨੀ ਦੀ ਇਨਵੈਸਟਮੈਂਟ ਸੀ। ਸੀਬੀਆਈ ਮੁਤਾਬਕ ਪਰਲ ਕੰਪਨੀ ਨੇ ਆਪਣੀਆਂ ਸਕੀਮਾਂ ਦੇ ਜ਼ਰੀਏ ਲੱਖਾਂ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਸੀ। ਪਰਲ ਗਰੁੱਪ ਦੀ ਇਸ ਠੱਗੀ ਨੂੰ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਫਾਨੈਂਸ਼ੀਅਲ ਠੱਗੀਆਂ ਦੇ ਵਿੱਚ ਇੱਕ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਸੇਬੀ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਨਿਵੇਸ਼ਕਾਂ ਦੇ ਤਕਰੀਬਨ 50 ਹਜਾਰ ਕਰੋੜ ਰੁਪਏ ਵਾਪਸ ਕਰਨ ਦੇ ਕੰਪਨੀ ਨੂੰ ਹੁਕਮ ਦਿੱਤੇ ਸਨ। ਨਿਰਮਲ ਸਿੰਘ ਭੰਗੂ ਤੇ ਇਹ ਵੀ ਇਲਜ਼ਾਮ ਸਨ ਕਿ ਉਸ ਨੇ ਆਪਣੀ ਹਜ਼ਾਰਾਂ ਕਰੋੜ ਦੀ ਜਾਇਦਾਦ ਚਿਟ ਫੰਡ ਸਕੀਮ ਦੇ ਜਰੀਏ ਨਿਵੇਸ਼ਕਾਂ ਨਾਲ ਠੱਗੀ ਮਾਰ ਕੇ ਬਣਾਈ ਸੀ। ਠੱਗੀ ਦੇ ਇਸ ਮਾਮਲੇ ਨੂੰ ਲੈ ਕੇ ਹੀ ਉਹ ਜੇਲ ਵਿੱਚ ਸਨ। ਜਿੱਥੇ ਬਿਮਾਰੀ ਦੇ ਚਲਦਿਆਂ ਉਹਨਾਂ ਦੀ ਮੌਤ ਹੋ ਗਈ ਹੈ। CHANDIGARH NEWS