ਜੇਕਰ ਮੰਤਰੀਆਂ ਨੇ ਆਪਣੇ ਦਫਤਰਾਂ ਵਿਚ ਬੈਠਣਾ ਹੀ ਨਹੀਂ ਤਾਂ ਫਿਰ ਦਫਤਰ ਖੋਲ੍ਹਣ ਦੀ ਕੋਈ ਤੁੱਕ ਨਹੀਂ ਬਣਦੀ: ਰਣਬੀਰ ਸਿੰਘ ਢਿੱਲੋਂ
ਚੰਡੀਗੜ੍ਹ, 1 ਜੁਲਾਈ (ਵਿਸ਼ਵ ਵਾਰਤਾ) ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਐਸ ਓ ਆਈ) ਦੇ ਪ੍ਰਧਾਨ ਰਣਬੀਰ ਸਿੰਘ ਢਿੱਲੋਂ ਅੱਜ ਮੰਤਰੀਆਂ ਦੇ ਦਫਤਰਾਂ ਨੂੰ ਤਾਲ ਲਗਾਉਣ ਲਈ ਤਾਲੇ ਲੈ ਕੇ ਪੰਜਾਬ ਸਿਵਲ ਸਕੱਤਰੇਤ ਪਹੁੰਚੇ ਅਤੇ ਉਹਨਾਂ ਕਿਹਾ ਕਿ ਜਦੋਂ ਮੰਤਰੀਆਂ ਨੇ ਇਹਨਾਂ ਦਫਤਰਾਂ ਵਿਚ ਬੈਠਣਾ ਹੀ ਨਹੀਂ ਤਾਂ ਇਹ ਦਫਤਰ ਖੋਲ੍ਹਣ ਦੀ ਕੋਈ ਤੁੱਕ ਨਹੀਂ ਬਣਦੀ ਕਿਉਂਕਿ ਪੰਜਾਬ ਵਿਚ ਸੈਂਕੜੇ ਕਿਲੋਮੀਟਰ ਸਫਰ ਕਰ ਕੇ ਇਥੇ ਆਪਣੇ ਕੰਮਾਂ ਵਾਸਤੇ ਆਉਣ ਵਾਲੇ ਲੋਕ ਖੱਜਲ ਖੁਆਰ ਹੋ ਰਹੇ ਹਨ। CHANDIGARH NEWS
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਰਣਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਮੰਤਰੀ ਜਲੰਧਰ ਵਿਚ ਚੋਣ ਪ੍ਰਚਾਰ ਵਿਚ ਰੁੱਝੇ ਹੋਏ ਹਨ ਤੇ ਦਫਤਰਾਂ ਵਿਚ ਬੈਠਣਾ ਉਹਨਾਂ ਲਈ ਕੋਈ ਤਰਜੀਹ ਨਹੀਂ ਹੈ। ਉਹਨਾਂ ਕਿਹਾ ਕਿ ਲੋਕ ਆਪਣੇ ਕੰਮਕਾਜ ਵਾਸਤੇ ਅਤੇ ਮੰਤਰੀਆਂ ਨੂੰ ਮਿਲਣ ਵਾਸਤੇ ਸਿਵਲ ਸਕੱਤਰੇਤ ਆਉਂਦੇ ਹਨ ਤੇ ਉਹਨਾਂ ਨੂੰ ਸਭ ਤੋਂ ਵੱਡੀ ਮਾਰ ਪੈ ਰਹੀ ਹੈ ਕਿਉਂਕਿ ਉਹ ਫਿਰੋਜ਼ਪੁਰ, ਅਬੋਹਰ, ਫਰੀਦਕੋਟ ਵਰਗੇ ਦੂਰ ਦੁਰਾਡੇ ਦੇ ਇਲਾਕਿਆਂ ਤੋਂ ਸੈਂਕੜੇ ਕਿਲੋਮੀਟਰ ਦਾ ਸਫਰ ਕਰ ਕੇ ਚੰਡੀਗੜ੍ਹ ਆਉਂਦੇ ਹਨ। CHANDIGARH NEWS
ਐਸ ਓ ਆਈ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਸਰਕਾਰ ਪਿੰਡਾਂ ਤੋਂ ਚੱਲੇਗੀ ਪਰ ਹੁਣ ਤਾਂ ਮੰਤਰੀ ਆਪਣੇ ਦਫਤਰਾਂ ਵਿਚ ਵੀ ਨਹੀਂ ਮਿਲਦੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਖੁਦ ਜਲੰਧਰ ਸ਼ਿਫਟ ਹੋ ਗਏ ਹਨ ਤੇ ਜ਼ਿਮਨੀ ਚੋਣ ਵਾਸਤੇ ਘਰ ਕਿਰਾਏ ’ਤੇ ਲਿਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਦਫਤਰ ਵਿਚ ਬੈਠਣ ਵਿਚ ਕੋਈ ਦਿਲਚਸਪੀ ਨਹੀਂ ਹੈ ਤਾਂ ਫਿਰ ਮੰਤਰੀ ਕਿਵੇਂ ਦਫਤਰਾਂ ਵਿਚ ਬੈਠ ਸਕਦੇ ਹਨ।
ਮੁੱਖ ਮੰਤਰੀ ’ਤੇ ਵਰ੍ਹਦਿਆਂ ਰਣਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਵਿਰੋਧੀ ਆਗੂਆਂ ਦੀ ਪ੍ਰੀਖਿਆ ਲੈਂਦੇ ਲੈਂਦੇ ਆਪ ਪੰਜਾਬੀ ਵਿਚ ਫੇਲ੍ਹ ਹੋ ਗਏ ਹਨ। ਉਹਨਾਂ ਕਿਹਾ ਕਿ ਪਿਛਲੇ ਢਾਈ ਸਾਲਾਂ ਵਿਚ ਮੁੱਖ ਮੰਤਰੀ ਦੀ ਇਕੋ ਪ੍ਰਾਪਤੀ ਰਹੀ ਹੈ ਕਿ ਉਹਨਾਂ ਨੇ ਲੋਕਾਂ ਵਾਸਤੇ ਕਾਮੇਡੀ ਸ਼ੋਅ ਕੀਤੇ ਹਨ ਜਦੋਂ ਕਿ ਉਹ ਰਾਜ ਚਲਾਉਣ ਅਤੇ ਸੂਬੇ ਤੇ ਇਸਦੇ ਲੋਕਾਂ ਦੀ ਬੇਹਤਰੀ ਵਾਸਤੇ ਕੰਮ ਕਰਨ ਵਿਚ ਫੇਲ੍ਹ ਸਾਬਤ ਹੋਏ ਹਨ।