ਚੰਡੀਗੜ੍ਹ 28 ਜੂਨ (ਵਿਸ਼ਵ ਵਾਰਤਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕੁਰਸੀ ਡਗਮਗਾਉਂਣ ਲੱਗੀ ਹੈ। ਪਾਰਟੀ ਵਿੱਚੋਂ ਹੀ ਇਕ ਬਾਗੀ ਧੜਾ ਉਭਰਿਆ ਹੈ ਜਿਸਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੇ ਹਿੱਤ ਲਈ ਕੁਰਸੀ ਛੱਡਣ ਲਈ ਕਹਿ ਦਿੱਤਾ ਹੈ। ਇਸ ਧੜੇ ‘ਚ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ ਸ਼ਾਮਿਲ ਹਨ। ਜਲੰਧਰ ਵਿਖੇ ਹੋਈ ਬਾਗੀ ਧੜੇ ਦੀ ਇਕ ਪ੍ਰੈਸ ਕਾਨਫਰੰਸ ਵਿਚ ਪਾਰਟੀ ਤੋਂ ਪਹਿਲਾਂ ਤੋਂ ਹੀ ਅਲੱਗ ਹੋਏ ਆਗੂ ਪਰਮਿੰਦਰ ਸਿੰਘ ਢੀਂਡਸਾ ਅਤੇ ਸੁੱਚਾ ਸਿੰਘ ਛੋਟੇਪੁਰ ਵੀ ਸ਼ਾਮਿਲ ਹੋਏ। 26 ਜੂਨ ਨੂੰ ਜਦੋ ਜਲੰਧਰ ਵਿੱਖੇ ਸੁਖਬੀਰ ਬਾਦਲ ਦੇ ਐਂਟੀ ਗਰੁੱਪ ਦੀ ਮੀਟਿੰਗ ਜਦੋ ਚੱਲ ਰਹੀ ਸੀ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਵੀ ਚੰਡੀਗੜ੍ਹ ਵਿਖੇ ਹੋ ਰਹੀ ਸੀ। ਵਰਕਿੰਗ ਕਮੇਟੀ ਨੇ ਪ੍ਰਸਤਾਵ ਪਾਸ ਕੀਤਾ ਕਿ ਉਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਅਤੇ ਕਾਬਲੀਅਤ ‘ਤੇ ਪੂਰਨ ਵਿਸ਼ਵਾਸ ਹੈ। ਵਰਕਿੰਗ ਕਮੇਟੀ ਦੀ ਇਸ ਮੀਟਿੰਗ ਵਿਚ ਦਲਜੀਤ ਸਿੰਘ ਚੀਮਾ, ਬਲਵਿੰਦਰ ਸਿੰਘ ਭੂੰਦੜ ਅਤੇ ਉਨ੍ਹਾਂ ਦੇ ਹੋਰ ਸਮਰਥਕ ਹਾਜ਼ਰ ਸਨ। ਚੰਡੀਗੜ੍ਹ ‘ਚ ਹੋਈ ਮੀਟਿੰਗ ‘ਚ ਜਿਥੇ ਸੁਖਬੀਰ ਬਾਦਲ ਦੇ ਹੱਕ ‘ਚ ਮਤਾ ਪਾਸ ਕੀਤਾ ਗਿਆ ਉਥੇ ਜਲੰਧਰ ਵਿਖੇ ਹੋਈ ਦੂਜੇ ਧੜੇ ਦੀ ਮੀਟਿੰਗ ਵਿਚ ਪਾਰਟੀ ਪ੍ਰਧਾਨ ਨੂੰ ਬਦਲਣ ਲਈ ਮੁਹਿੰਮ ਆਰੰਭ ਕਰ ਦੀ ਵਕਾਲਤ ਕੀਤੀ ਗਈ।
Chandigarh News
ਲੋਕ ਸਭਾ ਚੋਣਾਂ ਤੋਂ ਬਾਅਦ ਕਿਉ ਵਧਿਆ ਅੰਦਰੂਨੀ ਕਲੇਸ਼
2022 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪ੍ਰਧਾਨ ਨੂੰ ਬਦਲਣ ਦਾ ਮੁੱਦਾ ਬੀਬੀ ਜਗੀਰ ਕੌਰ ਨੇ ਚੁੱਕਿਆ ਸੀ ਜੋ 2024 ਦੀਆਂ ਲੋਕ ਸਭਾ ਚੋਣਾਂ ‘ਚ ਬੇਹੱਦ ਮਾੜੇ ਪ੍ਰਦਰਸ਼ਨ ਤੋਂ ਬਾਅਦ ਪਾਰਟੀ ‘ਚ ਹੋਈ ਟੁੱਟ ਦੇ ਰੂਪ ‘ਚ ਸਾਹਮਣੇ ਆਇਆ ਹੈ। ਬੇਅਦਬੀਆਂ ਦੇ ਮਾਮਲੇ ‘ਚ ਆਮ ਲੋਕਾਂ ‘ਚ ਸੁਖਬੀਰ ਬਾਦਲ ਦਾ ਲੀਡਰ ਦੇ ਤੌਰ ‘ਤੇ ਗ੍ਰਾਫ ਡਿੱਗਿਆ ਹੈ। ਵਿਰੋਧੀ ਆਗੂਆਂ ਦਾ ਇਹ ਵੀ ਇਲਜ਼ਾਮ ਹੈ ਕਿ, ਸੁਖਬੀਰ ਸਿੰਘ ਬਾਦਲ ਕਿਸੇ ਦੀ ਨਹੀਂ ਸੁਣਦੇ ਅਤੇ ਆਪਣੀ ਮਰਜੀ ਕਰਦੇ ਹਨ। ਜਿਸ ਕਾਰਨ ਪਾਰਟੀ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਦਾ ਹੈ। ਚਰਨਜੀਤ ਬਰਾੜ ਨੇ ਇਕ ਇੰਟਰਵਿਊ ‘ਚ ਕਿਹਾ ਹੈ ਕਿ, ਉਨ੍ਹਾਂ ਨੇ ਬਾਦਲ ਨੂੰ ਕਿਹਾ ਸੀ ਕਿ, ਲੋਕ ਸਭਾ ਚੋਣਾਂ ‘ਚ ਭਾਈ ਅਮ੍ਰਿਤਪਾਲ ਸਿੰਘ ਅਤੇ ਹੋਰ ਪੰਥਕ ਉਮੀਦਵਾਰਾ ਦੇ ਖਿਲਾਫ ਉਮੀਦਵਾਰ ਨਾ ਖੜਾ ਨਾ ਕੀਤਾ ਜਾਵੇ ਪਰ ਉਨ੍ਹਾਂ ਦੀ ਗੱਲ ਨਹੀਂ ਸੁਣੀ ਗਈ। ਇਨ੍ਹਾਂ ਆਗੂਆਂ ‘ਚ ਆਮ ਰਾਏ ਹੈ ਕਿ, ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਹ ਕੇ ਹੀ ਪਾਰਟੀ ਆਪਣਾ ਦੋਬਾਰਾ ਅਧਾਰ ਬਣਾ ਸਕੇਗੀ।
ਜਲੰਧਰ ਬਾਗੀ ਧੜੇ ਦੀ ਮੀਟਿੰਗ ‘ਚ ਕੀ ਫੈਸਲਾ ਹੋਇਆ
ਜਲੰਧਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੀ ਮੀਟਿੰਗ ਵਿੱਚ ਅਕਾਲੀ ਦਲ ਦੇ ਕਈ ਸੀਨੀਅਰ ਆਗੂ ਹਾਜ਼ਰ ਸਨ। ਮੀਟਿੰਗ ਵਿੱਚ ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਬੀਬੀ ਜਗੀਰ ਕੌਰ, ਪ੍ਰੇਮ ਐਸ ਚੰਦੂਮਾਜਰਾ ਅਤੇ ਹੋਰ ਕਈ ਸੀਨੀਅਰ ਆਗੂ ਹਾਜ਼ਰ ਸਨ। ਇਸ ਦੌਰਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ,ਅਕਾਲੀ ਦਲ ਇੰਨਾ ਕਮਜ਼ੋਰ ਕਿਉਂ ਹੋ ਗਿਆ ਹੈ। ਅੱਜ ਅਸੀਂ ਤਖਤ ਤੋਂ ਫਰਸ਼ ‘ਤੇ ਆਏ ਹਾਂ। ਹੁਣ ਪਾਰਟੀ ਨੂੰ ਇਸ ਦੀ ਪੁਰਾਣੀ ਲੀਹ ‘ਤੇ ਲਿਆਉਣ ਲਈ ਬਦਲਾਅ ਜ਼ਰੂਰੀ ਹੈ। ਚੰਦੂਮਾਜਰਾ ਨੇ ਕਿਹਾ 1 ਜੁਲਾਈ ਨੂੰ ਅਸੀਂ ਸਾਰੇ ਅਕਾਲੀ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਣਗੇ। 1 ਜੁਲਾਈ ਨੂੰ ਉਥੋਂ ਹੀ ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ ਸ਼ੁਰੂ ਕਰਾਂਗੇ। ਇਸ ਯਾਤਰਾ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਸ਼ਾਮਲ ਹੋਣਗੇ। ਚੰਦੂਮਾਜਰਾ ਨੇ ਇਹ ਵੀ ਕਿਹਾ- ਮੈਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕਰਦਾ ਹਾਂ ਕਿ ਵਰਕਰਾਂ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਨਾ ਕਰੋ, ਸਗੋਂ ਉਨ੍ਹਾਂ ਨੂੰ ਸਮਝੋ।
ਚੰਡੀਗੜ੍ਹ ਵਰਕਿੰਗ ਕਮੇਟੀ ਨੇ ਕੀ ਮਤਾ ਕੀਤਾ ਪਾਸ
ਚੰਡੀਗੜ੍ਹ ਮੀਟਿੰਗ ‘ਚ ਵਰਕਿੰਗ ਕਮੇਟੀ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿਚ ਪੂਰਨ ਭਰੋਸਾ ਵੀ ਪ੍ਰਗਟਾਇਆ ਤੇ ਉਨ੍ਹਾਂ ਦੀ ਸ਼ਲਾਘਾ ਵੀ ਕੀਤੀ। ਵਰਕਿੰਗ ਕਮੇਟੀ ਨੇ ਪ੍ਰਧਾਨ ਨੂੰ ਅਧਿਕਾਰ ਦਿੱਤਾ ਕਿ ਪਾਰਟੀ ਦੇ ਸੰਵਿਧਾਨ ਮੁਤਾਬਕ ਪਾਰਟੀ ਦਾ ਪੁਨਰਗਠਨ ਕੀਤਾ ਜਾਵੇ। ਕਮੇਟੀ ਮੈਂਬਰਾਂ ਨੇ ਪ੍ਰਧਾਨ ਦੇ ਅਕਸ ਨੂੰ ਢਾਹ ਲਾਉਣ ਦੇ ਯਤਨਾਂ ਦਾ ਵੀ ਨੋਟਿਸ ਲਿਆ। ਮੈਂਬਰਾਂ ਨੇ ਵਿਰੋਧੀ ਆਗੂਆਂ ‘ਤੇ ਅਨੁਸਾਸ਼ਨੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ। ਇਸ ਮਗਰੋਂ ਵਰਕਿੰਗ ਕਮੇਟੀ ਨੇ ਇਕ ਮਤਾ ਪਾਸ ਕੀਤਾ ਜਿਸ ਵਿਚ ਕਿਹਾ ਗਿਆ ਅਸੀਂ ਇਕ ਪੂਰਨ ਲੋਕਤੰਤਰੀ ਪਾਰਟੀ ਹਾਂ ਜਿਸਦੀਆਂ ਅੰਦਰੂਨੀ ਵਿਚਾਰ ਵਟਾਂਦਰੇ ਦੀਆਂ ਇਤਿਹਾਸਕ ਰਵਾਇਤਾਂ ਹਨ। ਹਰੇਕ ਨੂੰ ਪਾਰਟੀ ਪਲੇਟਫਾਰਮ ’ਤੇ ਆਪਣੇ ਵਿਚਾਰ ਰੱਖਣ ਦਾ ਹੱਕ ਭਾਵੇਂ ਉਹ ਆਲੋਚਨਾ ਵਾਲੇ ਵਿਚਾਰ ਹੀ ਕਿਉਂ ਨਾ ਹੋਣ। ਪਾਰਟੀ ਨੇ ਬਾਗੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਦੁਸ਼ਮਣਾਂ ਦੇ ਹੱਥਾਂ ਵਿਚ ਨਾ ਖੇਡਣ ਖਾਸ ਤੌਰ ’ਤੇ ਉਦੋਂ ਜਦੋਂ ਖਾਲਸਾ ਪੰਥ, ਪੰਜਾਬ ਤੇ ਪਾਰਟੀ ਪਹਿਲਾਂ ਹੀ ਸਿੱਖ ਤੇ ਪੰਜਾਬ ਵਿਰੋਧੀ ਸਾਜ਼ਿਸ਼ਾਂ ਦਾ ਨਿਸ਼ਾਨਾ ਬਣੀ ਹੋਈ ਹੈ, ਇਹ ਮੈਂਬਰ ਖੁਦ ਬੀਤੇ ਸਮੇਂ ਵਿਚ ਇਸਦੀ ਗੱਲ ਵੀ ਕਰਦੇ ਰਹੇ ਹਨ।
ਬੀਬੀ ਜਗੀਰ ਕੌਰ, ਚੰਦੂਮਾਜਰਾ ਤੇ ਚਰਨਜੀਤ ਬਰਾੜ ਦੇ ਕੀ ਨੇ ਇਲਜ਼ਾਮ
ਬੀਬੀ ਜਗੀਰ ਕੌਰ ਨੇ ਇਕ ਇੰਟਰਵਿਊ ‘ਚ ਕਿਹਾ ਕਿ ਅਸੀਂ ਲੋਕਾਂ ਦਾ ਭਰੋਸਾ ਜਿੱਤਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਲੋਕ ਚਾਹੁੰਦੇ ਹਨ ਕਿ ਬਾਦਲ ਪਿੱਛੇ ਹਟ ਜਾਣ, ਲੋਕ ਕਾਫੀ ਲੰਮੇ ਸਮੇ ਤੋਂ ਚਾਹੁੰਦੇ ਹਨ ਕਿ ਪ੍ਰਧਾਨ ਬਦਲਿਆ ਜਾਵੇ। ਚੰਦੂਮਾਜਰਾ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਨੂੰ ਦੋਬਾਰਾ ਸ਼੍ਰੋਮਣੀ ਅਕਾਲੀ ਦਲ ਬਣਾਇਆ ਜਾਵੇਗਾ ਅਤੇ ਪਿਛਲੇ ਸਾਲਾਂ ਦੀਆਂ ਖਾਮੀਆਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਾ ਕੇ ਸਾਰੇ ਆਗੂ 1 ਜੁਲਾਈ ਨੂੰ ਸਵੇਰੇ 11 ਅਜੇ ਖਿਮਾ ਮੰਗਣਗੇ। ਇਸ ਸੰਬੰਧ ਵਿਚ ਇਕ ਲਿਖਤੀ ਪੱਤਰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪਿਆ ਜਾਵੇਗਾ। ਚਰਨਜੀਤ ਸਿੰਘ ਬਰਾੜ ਨੇ ਇਕ ਇੰਟਰਵਿਊ ‘ਚ ਕਿਹਾ ਹੈ ਕਿ, ਉਨ੍ਹਾਂ ਪਾਰਟੀ ਨੂੰ ਕਿਹਾ ਅਸੀਂ ਕਿ ਭਾਈ ਅਮ੍ਰਿਤਪਾਲ ਸਿੰਘ ਅਤੇ ਹੋਰ ਪੰਥਕ ਉਮੀਦਵਾਰ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਨਾ ਉਤਾਰੇ ਪਰ ਉਨ੍ਹਾਂ ਦੀ ਗੱਲ ਨਹੀਂ ਸੁਣੀ ਗਈ।
ਪਾਰਟੀ ਸੰਕਟ ਦਾ ਬੀਜੇਪੀ ਕਨੈਕਸ਼ਨ
ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ,ਬੀਜੇਪੀ ਦੇ ਕੁਝ ਪਿੱਠੂ ਸ਼੍ਰੋਮਣੀ ਅਕਾਲੀ ਦਲ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਉਹੀ ਕਰਨਾ ਚਾਹੁੰਦੇ ਹਨ ਜਿਵੇਂ ਉਨ੍ਹਾਂ ਨੇ ਮਹਾਰਾਸ਼ਟਰ ਵਿੱਚ ਕੀਤਾ ਸੀ। ਬੀਬੀ ਜਗੀਰ ਕੌਰ ਦਾ ਨਾਂ ਲਏ ਬਿਨਾਂ ਬਾਦਲ ਨੇ ਕਿਹਾ ਕਿ ਭਾਜਪਾ ਨੇ ਉਨ੍ਹਾਂ ਨੂੰ ਐਸਜੀਪੀਸੀ ਚੋਣਾਂ ਲੜਾਉਣ ਲਈ ਬਣਾਇਆ ਸੀ। ਉਧਰ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਵੀ ਬਾਗੀ ਆਗੂਆਂ ‘ਤੇ ਬੀਜੇਪੀ ਦੇ ਇਸ਼ਾਰੇ ‘ਤੇ ਚੱਲਣ ਦੇ ਇਲਜ਼ਾਮ ਲਗਾਏ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਭਾਜਪਾ ਆਪਰੇਸ਼ਨ ਲੋਟਸ ਰਾਹੀਂ ਖੇਤਰੀ ਪਾਰਟੀਆਂ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ। ਸਰਨਾ ਨੇ ਕਿਹਾ, ‘ਮੈਂ ਲਿਖਤੀ ਬਿਆਨ ਦਿੱਤਾ ਹੈ। ਭਾਜਪਾ ਮੇਰੇ ਖਿਲਾਫ ਜੋ ਚਾਹੇ ਕਾਰਵਾਈ ਕਰ ਸਕਦੀ ਹੈ। ਜੇਕਰ ਉਹ ਸੋਚਦੇ ਹਨ ਕਿ ਇਹ ਝੂਠਾ ਇਲਜ਼ਾਮ ਹੈ, ਤਾਂ ਮੈਂ ਉਨ੍ਹਾਂ ਨੂੰ ਬਹਿਸ ਲਈ ਚੁਣੌਤੀ ਦਿੰਦਾ ਹਾਂ, ਅਤੇ ਮੈਂ ਸਾਬਤ ਕਰਾਂਗਾ ਕਿ ਇਹ ਓਪਰੇਸ਼ਨ ਲੋਟਸ ਹੈ। ਭਾਜਪਾ ਸਾਰੀਆਂ ਖੇਤਰੀ ਪਾਰਟੀਆਂ ਨੂੰ ਕਮਜ਼ੋਰ ਅਤੇ ਖ਼ਤਮ ਕਰਨਾ ਚਾਹੁੰਦੀ ਹੈ। ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।
ਸੁਨੀਲ ਜਾਖੜ ਨੇ ਆਪਣੇ ਬਿਆਨ ‘ਚ ਕੀ ਕਿਹਾ
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਲਗਾਏ ਇਨ੍ਹਾਂ ਇਲਜ਼ਾਮਾਂ ਦਾ ਜਵਾਬ ਬੀਜੇਪੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਦਿੱਤਾ ਹੈ ਉਨ੍ਹਾਂ ਕਿਹਾ ਹੈ ਕਿ ਬੀਜੇਪੀ ਦਾ ਕੋਈ ਓਪਰੇਸ਼ਨ ਲੋਟਸ ਨਹੀਂ ਹੈ ਬਲਕਿ ਪੰਜਾਬ ਦੇ ਲੋਕਾਂ ਨੇ ਸੁਖਬੀਰ ਬਾਦਲ ਨੂੰ ਸ਼ੀਸ਼ਾ ਦਿਖਾਇਆ ਹੈ। ਉਨ੍ਹਾਂ ਕਿਹਾ ਹੈ ਕਿ, ਜਿਨ੍ਹਾਂ ਆਗੂਆਂ ਨੇ ਸੁਖਬੀਰ ਬਾਦਲ ‘ਤੇ ਬੀਜੇਪੀ ਨਾਲ ਸਮਝੌਤਾ ਕਰਨ ਲਈ ਦਬਾਅ ਪਾਇਆ ਸੀ ਉਨ੍ਹਾਂ ਦਾ ਇਹ ਸ਼ੱਕ ਸਹੀ ਸਾਬਿਤ ਹੋਇਆ ਹੈ। ਨਤੀਜਾ ਸਾਰੀਆਂ ਦੇ ਸਾਹਮਣੇ ਹੈ। ਬਿਨਾ ਬੀਜੇਪੀ ਤੋਂ ਪੰਜਾਬ ‘ਚ ਅਕਾਲੀ ਦਲ ਸਿਰਫ ਇਕ ਸੀਟ ‘ਤੇ ਸਿਮਟ ਗਿਆ ਹੈ।