Champions Trophy 2025 ਲਈ ਭਾਰਤੀ ਟੀਮ ਦਾ ਐਲਾਨ
- ਰੋਹਿਤ ਸ਼ਰਮਾ ਅਤੇ ਅਜੀਤ ਅਗਰਕਰ ਨੇ ਦਿੱਤੀ ਜਾਣਕਾਰੀ
- ਜਾਣੋ ਕੌਣ ਹੋਇਆ ਬਾਹਰ ਤੇ ਕੌਣ ਸੰਭਾਲੇਗਾ ਟੀਮ ਦੀ ਕਮਾਨ
ਨਵੀ ਦਿੱਲੀ, 18 ਜਨਵਰੀ : ਆਈਸੀਸੀ ਚੈਂਪੀਅਨਜ਼ ਟਰਾਫੀ 2025 ਲਈ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ ਹੈ। ਵਨਡੇ ਅਤੇ ਟੈਸਟ ਕਪਤਾਨ ਰੋਹਿਤ ਸ਼ਰਮਾ ਅਤੇ ਮੁੱਖ ਚੋਣਕਾਰ ਅਜੀਤ ਅਗਰਕਰ ਨੇ ਮੁੰਬਈ ਦੇ ਇਤਿਹਾਸਕ ਵਾਨਖੇੜੇ ਸਟੇਡੀਅਮ ‘ਚ ਪ੍ਰੈੱਸ ਕਾਨਫਰੰਸ ‘ਚ ਸਵਾਲਾਂ ਦਾ ਜਵਾਬ ਦਿੰਦੇ ਹੋਏ ਭਾਰਤੀ ਟੀਮ ‘ਚ ਸ਼ਾਮਲ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ। ਰੋਹਿਤ ਸ਼ਰਮਾ 19 ਫਰਵਰੀ ਤੋਂ ਹੋਣ ਵਾਲੇ ਇਸ ਟੂਰਨਾਮੈਂਟ ਵਿੱਚ ਟੀਮ ਦੀ ਕਮਾਨ ਸੰਭਾਲਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੀ ਚੋਣ ਕਮੇਟੀ ਵੱਲੋਂ ਐਲਾਨੀ ਗਈ ਟੀਮ ਵਿੱਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਭਾਰਤੀ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੂੰ ਚੈਂਪੀਅਨਸ ਟਰਾਫੀ ਲਈ ਐਲਾਨੀ ਗਈ ਟੀਮ ‘ਚ ਜਗ੍ਹਾ ਨਹੀਂ ਮਿਲੀ ਹੈ। ਇਸ ਤੋਂ ਇਲਾਵਾ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਅਤੇ ਆਲਰਾਊਂਡਰ ਨਿਤੀਸ਼ ਰੈੱਡੀ ਵੀ ਜਗ੍ਹਾ ਬਣਾਉਣ ‘ਚ ਨਾਕਾਮ ਰਹੇ ਹਨ।
ਵਨਡੇ ਵਿਸ਼ਵ ਕੱਪ-2023 ਖੇਡਣ ਵਾਲੇ 11 ਖਿਡਾਰੀਆਂ ਨੂੰ ਟੀਮ ‘ਚ ਮੌਕਾ ਮਿਲਿਆ ਹੈ। ਇਨ੍ਹਾਂ ਵਿੱਚ ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਅਤੇ ਕੁਲਦੀਪ ਯਾਦਵ ਦੇ ਨਾਂ ਸ਼ਾਮਲ ਹਨ। ਇਸ ਵਾਰ ਚਾਰ ਨਵੇਂ ਚਿਹਰੇ ਰਿਸ਼ਭ ਪੰਤ, ਯਸ਼ਸਵੀ ਜੈਸਵਾਲ, ਵਾਸ਼ਿੰਗਟਨ ਸੁੰਦਰ ਅਤੇ ਅਰਸ਼ਦੀਪ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।
ਚੈਂਪੀਅਨਸ ਟਰਾਫੀ ਲਈ ਭਾਰਤੀ ਟੀਮ ਇਸ ਪ੍ਰਕਾਰ ਹੈ…
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ (ਉਪ ਕਪਤਾਨ), ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ, ਯਸ਼ਸਵੀ ਜੈਸਵਾਲ, ਰਿਸ਼ਭ ਪੰਤ ਅਤੇ ਰਵਿੰਦਰ ਜਡੇਜਾ
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/