Punjab News: ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਆਇਆ ਸਾਹਮਣੇ
ਅੰਮ੍ਰਿਤਸਰ 30 ਅਗਸਤ (ਵਿਸ਼ਵ ਵਾਰਤਾ): ਅਕਾਲੀ ਦਲ ਦੇ ਬਾਗੀ ਆਗੂਆਂ ਵੱਲੋ ਕੀਤੀ ਸ਼ਿਕਾਇਤ, ਬਰਗਾੜੀ ਕਾਂਡ, ਬੇਅਦਬੀ ਅਤੇ ਹੋਰ ਮਾਮਲਿਆਂ ‘ਤੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਗਿਆਨੀ ਹਰਪ੍ਰੀਤ ਸਿੰਘ ਦੇ ਕਿਹਾ ਹੈ ਕਿ ਇਨ੍ਹਾਂ ਮਾਮਲਿਆਂ ‘ਚ ਫੈਸਲਾ ਪੰਥਕ ਮਰਿਆਦਾ ਅਤੇ ਸਿੱਖ ਸਿਧਾਂਤਾਂ ਦੇ ਮੁਤਾਬਕ ਹੀ ਲਿਆ ਜਾਵੇਗਾ। ਪੰਜ ਸਿੰਘ ਸਾਹਿਬਾਨਾਂ ਦੀ ਇਸ ਇੱਕਤਰਤਾ ‘ਤੇ ਸਮੁੱਚੇ ਸਿੱਖ ਪੰਥ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਆਗੂਆਂ ਵਲੋਂ ਬਰਗਾੜੀ ਕਾਂਡ ਅਤੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਮਾਫੀ ਦੇਣ ਦੇ ਸੰਬੰਧ ‘ਚ ਸੁਖਬੀਰ ਸਿੰਘ ਬਾਦਲ ‘ਤੇ ਇਲਜ਼ਾਮ ਲਗਾਏ ਸਨ। ਇਸ ਸੰਬੰਧ ‘ਚ ਬਾਗੀ ਅਕਾਲੀ ਆਗੂਆਂ ਨੇ 4 ਸਫ਼ਿਆਂ ਦਾ ਮਾਫੀਨਾਮਾ ਵੀ ਜਥੇਦਾਰ ਨੂੰ ਸੌਂਪਿਆ ਸੀ। ਇਨ੍ਹਾਂ ਸਾਰੇ ਮਾਮਲਿਆਂ ‘ਤੇ ਅੱਜ 30 ਅਗਸਤ ਨੂੰ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ‘ਚ ਵਿਚਾਰ ਤੋਂ ਬਾਅਦ ਫੈਸਲਾ ਸੁਣਾਇਆ ਜਾਵੇਗਾ।