ਜਾਣੋ ਕੀ ਹੈ Australia ‘ਚ ਅੱਜ 26 ਅਗਸਤ ਤੋਂ ਲਾਗੂ ਹੋਇਆ ਨਵਾਂ ਕਾਨੂੰਨ ‘ਰਾਈਟ ਟੂ ਡਿਸਕਨੈਕਟ’
ਮੈਲਬੌਰਨ 26ਅਗਸਤ (ਵਿਸ਼ਵ ਵਾਰਤਾ): ਅਸਟਰੇਲੀਆ ਵਿੱਚ ਅੱਜ ਤੋਂ ‘ਰਾਈਟ ਟੂ ਡਿਸਕਨੈਕਟ’ ਕਾਨੂੰਨ ਲਾਗੂ ਹੋ ਗਿਆ ਹੈ। ਇਹ ਕਾਨੂੰਨ ਕਰਮਚਾਰੀਆਂ ਨੂੰ ਡਿਊਟੀ ਦੇ ਘੰਟਿਆਂ ਤੋਂ ਬਾਅਦ ਆਪਣੇ ਬੌਸ ਜਾਂ ਕੰਪਨੀ ਵੱਲੋਂ ਭੇਜੇ ਗਏ ਮੈਸੇਜ ਅਤੇ ਕਾਲ ਨੂੰ ਅਣਦੇਖਿਆਂ ਕਰਨ ਦਾ ਅਧਿਕਾਰ ਦਿੰਦਾ ਹੈ। ਸੋਮਵਾਰ ਤੋਂ ਲਾਗੂ ਕੀਤੇ ਗਏ ਇਸ ਕਾਨੂੰਨ ਮੁਤਾਬਕ ਕਰਮਚਾਰੀਆਂ ਨੂੰ ਕੰਮ ਦੇ ਘੰਟਿਆਂ ਤੋਂ ਬਾਅਦ ਬੌਸ ਦੇ ਮੈਸੇਜ ਨੂੰ ਇਗਨੋਰ ਕਰਨ ਅਤੇ ਕੰਮ ਤੋਂ ਇਨਕਾਰ ਕਰਨ ਦਾ ਅਧਿਕਾਰ ਹੋਵੇਗਾ। ਕਰਮਚਾਰੀਆਂ ਦੇ ਇਸ ਅਧਿਕਾਰ ਨੂੰ ਰਾਈਟ ਟੂ ਡਿਸਕਨੈਕਟ ਦੇ ਜ਼ਰੀਏ ਸੁਰੱਖਿਅਤ ਕੀਤਾ ਗਿਆ ਹੈ। ਕੰਮ ਦੇ ਘੰਟਿਆਂ ਤੋਂ ਬਾਅਦ ਕਰਮਚਾਰੀਆਂ ਨੂੰ ਕੰਮ ਤੋਂ ਮਨਾ ਕਰਨ ਦਾ ਅਧਿਕਾਰ ਹੋਵੇਗਾ। ਬਸ਼ਰਤੇ ਅਜਿਹਾ ਕਰਨਾ ਅਨੁਚਿਤ ਨਾ ਹੋਵੇ। ਇਹ ਕਾਨੂੰਨ ਇਸ ਸਾਲ ਫਰਵਰੀ ਦੇ ਵਿੱਚ ਪਾਸ ਕੀਤਾ ਗਿਆ ਸੀ। ਜਿਸ ਨੂੰ ਅੱਜ 26 ਅਗਸਤ 2024 ਨੂੰ ਲਾਗੂ ਕਰ ਦਿੱਤਾ ਗਿਆ ਹੈ। ਇਸ ਕਾਨੂੰਨ ਦੇ ਤਹਿਤ ਜੇਕਰ ਕੰਮ ਦੇ ਘੰਟਿਆਂ ਤੋਂ ਬਾਅਦ ਕਰਮਚਾਰੀ ਨੂੰ ਬੌਸ ਕਾਲ ਜਾਂ ਮੈਸੇਜ ਕਰਦਾ ਹੈ ਤਾਂ ਉਹ ਇਸ ਦੀ ਸ਼ਿਕਾਇਤ ਕਰ ਸਕਦਾ ਹੈ। ਆਸਟਰੇਲੀਆ ਦਾ ਇਹ ਕਾਨੂੰਨ ਉਹਨਾਂ ਕਰਮਚਾਰੀਆਂ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ ਜੋ ਕੰਮ ਦੇ ਘੰਟਿਆਂ ਤੋਂ ਬਾਅਦ ਆਪਣੇ ਬੌਸ ਦੇ ਨਾਲ ਗੱਲ ਨਹੀਂ ਕਰਨਾ ਚਾਹੁੰਦੇ। ਕਾਨੂੰਨ ਮੁਤਾਬਕ ਕਰਮਚਾਰੀ ਦਾ ਬੌਸ ਦੀ ਕਾਲ ਨੂੰ ਇਗਨੋਰ ਕਰਨਾ ਕਾਲ ਕਰਨ ਦੇ ਕਾਰਨ ਅਤੇ ਤਰੀਕੇ ਦੇ ਵਿਚਾਰ ਕਰਨ ਤੋਂ ਬਾਅਦ ਗਲਤ ਵੀ ਸਮਝਿਆ ਜਾ ਸਕਦਾ ਹੈ।
ਯੂਰੋਪੀਅਨ ਯੂਨੀਅਨ ਦੇ ਵਿੱਚ ਪਹਿਲਾਂ ਹੀ ਇਸ ਤਰ੍ਹਾਂ ਦੇ ਕਾਨੂੰਨ ਲਾਗੂ ਹਨ
ਹਾਲਾਂਕਿ ਆਸਟਰੇਲੀਆ ਪਹਿਲਾਂ ਦੇਸ਼ ਨਹੀਂ ਹੈ ਜਿੱਥੇ ਕਰਮਚਾਰੀਆਂ ਨੂੰ ਇਸ ਤਰ੍ਹਾਂ ਦੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਯੂਰਪ ਦੇ ਕਈ ਦੇਸ਼ਾਂ ਦੇ ਵਿੱਚ ਰਾਈਟ ਟੂ ਡਿਸਕਨੈਕਟ ਵਰਗੇ ਕਾਨੂੰਨ ਕਰਮਚਾਰੀਆਂ ਦੇ ਹਿੱਤਾਂ ਦੀ ਸੁਰੱਖਿਆ ਕਰਦੇ ਹਨ। ਫਰਾਂਸ ਤੇ ਜਰਮਨੀ ਅਤੇ ਯੂਰਪੀਅਨ ਯੂਨੀਅਨ ਦੇ ਕਈ ਹੋਰ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦੇ ਕਾਨੂੰਨ ਹਨ ਜੋ ਕਰਮਚਾਰੀਆਂ ਨੂੰ ਕੰਮ ਦੇ ਘੰਟਿਆਂ ਤੋਂ ਬਾਅਦ ਆਪਣਾ ਮੋਬਾਈਲ ਡਿਵਾਈਸ ਬੰਦ ਕਰਨ ਦੀ ਆਗਿਆ ਦਿੰਦੇ ਹਨ।
ਇਮਪਲੋਅਰ ਗਰੁਪਾਂ ਵਲੋਂ ਕਨੂੰਨ ਦਾ ਵਿਰੋਧ
ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਸੰਸਦ ਦੇ ਵਿੱਚ ਪਾਰਿਤ ਹੋਏ ਇਸ ਕਾਨੂੰਨ ਨੂੰ ਲੈ ਕੇ ਇਮਪਲੋਅਰ ਗਰੁੱਪਾਂ ਅਤੇ ਕੰਪਨੀਆਂ ਵੱਲੋਂ ਇਸ ਦੇ ਵਿਰੋਧ ਵੀ ਕੀਤਾ ਗਿਆ ਹੈ। ਆਲੋਚਕਾਂ ਦੇ ਮੁਤਾਬਿਕ ਇਸ ਕਾਨੂੰਨ ਦੇ ਵਿੱਚ ਕਈ ਕਮੀਆਂ ਹਨ ਅਤੇ ਇਸ ਨੂੰ ਜਲਦਬਾਜ਼ੀ ਦੇ ਵਿੱਚ ਲਿਆਂਦਾ ਗਿਆ ਹੈ।
ਟੈਕਨੋਲੋਜੀ ਕਾਰਨ ਬਦਲੇ ਕੰਮਾਂ ਦੇ ਹਾਲਾਤ
ਸਵਿਨਬਰਨ ਯੂਨੀਵਰਸਿਟੀ ਆਫ ਟੈਕਨਾਲੋਜੀ ਦੇ ਐਸੋਸੀਏਟ ਪ੍ਰੋਫੈਸਰ ਜੌਹਨ ਹੌਪਕਿੰਸ ਨੇ ਕਿਹਾ, ”ਡਿਜ਼ੀਟਲ ਤਕਨੀਕ ਦੇ ਆਉਣ ਤੋਂ ਪਹਿਲਾਂ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਸੀ, ਲੋਕ ਆਪਣੇ ਦਫਤਰ ਦੀ ਸ਼ਿਫਟ ਦੇ ਅੰਤ ‘ਤੇ ਘਰ ਜਾਂਦੇ ਸਨ ਅਤੇ ਅਗਲੇ ਦਿਨ ਵਾਪਸ ਆਉਣ ਤੱਕ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਜਾਂਦਾ ਸੀ। ਈਮੇਲ, ਐਸਐਮਐਸ, ਫ਼ੋਨ ਕਾਲਾਂ ਹੁਣ ਦੁਨੀਆ ਭਰ ਵਿੱਚ ਦਫ਼ਤਰੀ ਸਮੇਂ ਤੋਂ ਬਾਹਰ ਆਮ ਹਨ। ਛੁੱਟੀਆਂ ਦੌਰਾਨ ਵੀ, ਈਮੇਲਾਂ ‘ਤੇ ਕੰਮ ਆਉਂਦਾ ਹੈ।