Latest News: ਦੋਹਾ ਪੁਲਿਸ ਵਲੋਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਰੱਖਣ ਦੇ ਮਾਮਲੇ ‘ਤੇ SGPC ਪ੍ਰਧਾਨ ਨੇ ਲਿਖੀ ਵਿਦੇਸ਼ ਮੰਤਰੀ ਨੂੰ ਚਿੱਠੀ
ਅੰਮ੍ਰਿਤਸਰ 23 ਅਗਸਤ (ਵਿਸ਼ਵ ਵਾਰਤਾ): ਦੋਹਾ ਪੁਲਿਸ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸਰੂਪ ਆਪਣੇ ਕੋਲ ਰੱਖਣ ਦੇ ਮਾਮਲੇ ਨੂੰ ਲੈ ਕੇ ਐਸਜੀਪੀਸੀ ਨੇ ਸਖਤ ਨੋਟਿਸ ਲਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਦੇ ਵਿਦੇਸ਼ ਮੰਤਰੀ ਨੂੰ ਚਿੱਠੀ ਲਿਖ ਕੇ ਇਸ ਮਾਮਲੇ ਵਿੱਚ ਕਾਰਵਾਈ ਕਰਨ ਲਈ ਕਿਹਾ ਹੈ। ਉਨਾਂ ਇਸ ਮਾਮਲੇ ਦੇ ਵਿੱਚ ਦੋਹਾ ਕਤਰ ਵਿਖੇ ਭਾਰਤੀ ਅੰਬੈਸਡਰ ਨੂੰ ਮਾਮਲੇ ਚ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਸਿੱਖ ਕੌਮ ਲਈ ਸਭ ਤੋਂ ਉੱਪਰ ਹੈ ਅਤੇ ਪੁਲਿਸ ਵੱਲੋਂ ਗੁਰੂ ਸਾਹਿਬ ਦੇ ਪਾਵਨ ਸਰੂਪ ਨੂੰ ਆਪਣੇ ਕੋਲ ਰੱਖਣਾ ਵੱਡਾ ਨਿਰਾਦਰ ਹੈ ਅਤੇ ਇਸ ਨੂੰ ਸਿੱਖ ਕੌਮ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਮਾਮਲਾ ਉਨਾਂ ਦੇ ਧਿਆਨ ਵਿੱਚ ਭਾਈ ਘਨਈਆ ਹਿਊਮਨਟੇਰੀਅਨ ਏਡ ਵੱਲੋਂ ਲਿਆਂਦਾ ਗਿਆ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਹੈ ਕਿ ਦਸੰਬਰ 2023 ਵਿੱਚ ਦੋਹਾ ਪੁਲਿਸ ਵੱਲੋਂ ਇੱਕ ਸਿੱਖ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਨੂੰ ਬਾਅਦ ਦੇ ਵਿੱਚ ਛੱਡ ਦਿੱਤਾ ਗਿਆ ਸੀ। ਪਰ ਉਸ ਕੋਲੋਂ ਪ੍ਰਾਪਤ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸਰੂਪਾਂ ਨੂੰ ਪੁਲਿਸ ਨੇ ਥਾਣੇ ਵਿੱਚ ਹੀ ਰੱਖਿਆ ਹੋਇਆ ਹੈ, ਜੋ ਕਿ ਗੁਰੂ ਸਾਹਿਬ ਦਾ ਵੱਡਾ ਨਿਰਾਦਰ ਹੈ। ਉਹਨਾਂ ਇਸ ਮਾਮਲੇ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਦੋਹਾ ਕਤਰ ਵਿਖੇ ਭਾਰਤੀ ਅੰਬੈਸਡਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਥਾਣੇ ਵਿੱਚੋਂ ਲਿਆ ਕੇ ਗੁਰਦੁਆਰਾ ਸਾਹਿਬ ਵਿਖੇ ਸੁਭਾਏਮਾਨ ਕੀਤਾ ਜਾਵੇ ਤੇ ਇਸ ਦੇ ਲਈ ਤੁਰੰਤ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇ।