Kolkata doctor rape-murder case: ਅੰਤਿਮ ਸਸਕਾਰ ਤੋਂ ਬਾਅਦ ਐਫਆਈਆਰ ਦਰਜ ਕਰਨ ‘ਤੇ ਸੁਪਰੀਮ ਕੋਰਟ ਨੇ ਜਤਾਈ ਹੈਰਾਨੀ
ਨਵੀਂ ਦਿੱਲੀ 22 ਅਗਸਤ (ਵਿਸ਼ਵ ਵਾਰਤਾ): ਸੁਪਰੀਮ ਕੋਰਟ ਨੇ ਕੋਲਕਾਤਾ ਡਾਕਟਰ ਬਲਾਤਕਾਰ-ਕਤਲ ਮਾਮਲੇ ‘ਚ ਸੀਬੀਆਈ ਦੀ ਸਟੇਟਸ ਰਿਪੋਰਟ ਅਤੇ ਪੱਛਮੀ ਬੰਗਾਲ ਸਰਕਾਰ ਦੀ ਰਿਪੋਰਟ ‘ਤੇ ਸੁਣਵਾਈ ਕੀਤੀ। ਇਸ ਦੌਰਾਨ ਸੀਬੀਆਈਏ ਨੇ ਮਾਮਲੇ ਦੀ ਜਾਂਚ ਵਿੱਚ ਬੰਗਾਲ ਪੁਲਿਸ ਵੱਲੋਂ ਦਿਖਾਈ ਗਈ ਲਾਪਰਵਾਹੀ ਦਾ ਪਰਦਾਫਾਸ਼ ਕੀਤਾ। ਸੀਬੀਆਈ ਨੇ ਕਿਹਾ ਕਿ ਅੰਤਿਮ ਸਸਕਾਰ ਤੋਂ ਬਾਅਦ ਐਫਆਈਆਰ ਦਰਜ ਕੀਤੀ ਗਈ ਸੀ। ਮਾਮਲੇ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਕੇਂਦਰੀ ਜਾਂਚ ਏਜੰਸੀ ਨੇ ਪੰਜਵੇਂ ਦਿਨ ਮਾਮਲੇ ਦੀ ਜਾਂਚ ਸ਼ੁਰੂ ਕੀਤੀ । ਉਦੋਂ ਤੱਕ ਸਬੂਤਾਂ ਨਾਲ ਛੇੜਛਾੜ ਕੀਤੀ ਜਾ ਚੁੱਕੀ ਸੀ। ਹਸਪਤਾਲ ਵਿੱਚ ਕਾਫੀ ਸਮੇਂ ਤੋਂ ਕੁਝ ਗੜਬੜ ਸੀ। ਸੀਬੀਆਈ ਨੇ ਕਿਹਾ ਕਿ ਕੇਸ ਡਾਇਰੀ ਦਰਜ ਕਰਨ ਵਿੱਚ ਦੇਰੀ ਨਾ ਸਿਰਫ਼ ਗਲਤ ਹੈ, ਸਗੋਂ ਅਣਮਨੁੱਖੀ ਵੀ ਹੈ। ਇਸ ਪੂਰੇ ਮਾਮਲੇ ਦੀ ਨਿਯਮਾਂ ਅਨੁਸਾਰ ਵੀਡੀਓਗ੍ਰਾਫੀ ਨਹੀਂ ਕੀਤੀ ਗਈ। ਸੁਪਰੀਮ ਕੋਰਟ ਨੇ ਕਿਹਾ ਕਿ ਸਬੂਤਾਂ ਨੂੰ ਸੁਰੱਖਿਅਤ ਰੱਖਣ ਵਿੱਚ ਦੇਰੀ ਹੋਈ ਹੈ। ਸੁਪਰੀਮ ਕੋਰਟ ਨੇ ਹੈਰਾਨੀ ਪ੍ਰਗਟਾਈ ਕਿ ਅੰਤਿਮ ਸੰਸਕਾਰ ਤੋਂ ਬਾਅਦ ਕੇਸ ਦਰਜ ਕੀਤਾ ਗਿਆ। ਇਸ ਪੂਰੇ ਮਾਮਲੇ ਦੀ ਜਾਂਚ ‘ਚ ਪੱਛਮੀ ਬੰਗਾਲ ਪੁਲਸ ਦੀ ਭੂਮਿਕਾ ‘ਤੇ ਮਾਮਲੇ ਦੀ ਸੁਣਵਾਈ ਕਰ ਰਹੇ ਬੈਂਚ ‘ਚ ਸ਼ਾਮਲ ਜਸਟਿਸ ਨੇ ਕਿਹਾ ਕਿ ਮੈਂ ਆਪਣੇ 30 ਸਾਲਾਂ ਦੇ ਕਰੀਅਰ ‘ਚ ਅਜਿਹਾ ਕੁਝ ਨਹੀਂ ਦੇਖਿਆ। ਸੁਪਰੀਮ ਕੋਰਟ ਨੇ ਕੋਲਕਾਤਾ ਪੁਲਿਸ ਵੱਲੋਂ ਆਪਣੇ ਰਿਕਾਰਡ ਵਿੱਚ ਗੈਰ-ਕੁਦਰਤੀ ਮੌਤ ਦਰਜ ਕਰਨ ਵਿੱਚ ਕੀਤੀ ਦੇਰੀ ਨੂੰ ‘ਬਹੁਤ ਹੀ ਪ੍ਰੇਸ਼ਾਨ ਕਰਨ ਵਾਲਾ’ ਕਰਾਰ ਦਿੱਤਾ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਦੀ ਗੱਲ ਹੈ ਕਿ ਕੇਸ ਦਰਜ ਹੋਣ ਤੋਂ ਪਹਿਲਾਂ ਮ੍ਰਿਤਕ ਦਾ ਪੋਸਟਮਾਰਟਮ ਕੀਤਾ ਗਿਆ ਸੀ।