Latest Punjab News: ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ ‘ਸੈਂਟਰ ਫਾਰ ਹਿਊਮਨ ਰਾਈਟਸ ਐਂਡ ਡਿਊਟੀਜ਼’ ਵਿਖੇ ਪ੍ਰੇਰਣਾਦਾਇਕ ਭਾਸ਼ਣ
ਚੰਡੀਗੜ੍ਹ, 21 ਅਗਸਤ (ਵਿਸ਼ਵ ਵਾਰਤਾ):- ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਇਥੇ ਪੰਜਾਬ ਯੂਨੀਵਰਸਿਟੀ ਦੇ ‘ਸੈਂਟਰ ਫਾਰ ਹਿਊਮਨ ਰਾਈਟਸ ਐਂਡ ਡਿਊਟੀਜ਼’ ਵਿਖੇ ਇੱਕ ਪ੍ਰੇਰਣਾਦਾਇਕ ਭਾਸ਼ਣ ਦਿੱਤਾ। ਪੰਜਾਬ ਦੇ ਕੈਬਨਿਟ ਮੰਤਰੀ, ਜੋ ਕਿ ਇਸੇ ਵਿਭਾਗ ਤੋਂ ਪੀ.ਐਚ.ਡੀ ਦੇ ਵਿਦਿਆਰਥੀ ਵੀ ਹਨ, ਨੇ ਸਫਲਤਾ ਪ੍ਰਾਪਤ ਕਰਨ ਲਈ ਸਿੱਖਿਆ, ਮਿਹਨਤ ਅਤੇ ਲਗਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਸਿੱਖਿਆ ਦਾ ਜੀਵਨ ਵਿੱਚ ਪ੍ਰਭਾਵ ਦਾ ਜਿਕਰ ਕਰਦਿਆਂ, ਸ. ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਸਿੱਖਿਆ ਇੱਕ ਜੀਵਨ ਭਰ ਦਾ ਸਫ਼ਰ ਹੈ ਜੋ ਜਨਮ ਤੋਂ ਸ਼ੁਰੂ ਹੁੰਦਾ ਹੈ ਅਤੇ ਮੌਤ ਤੱਕ ਜਾਰੀ ਰਹਿੰਦਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਖੁਦ ਇੱਕ ਲੈਕਚਰਾਰ ਦੇ ਤੌਰ ‘ਤੇ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ ਅਤੇ ਇਹ ਸਿੱਖਣ ਦਾ ਜਨੂੰਨ ਹੀ ਹੈ ਜੋ ਉਨ੍ਹਾਂ ਨੂੰ ਅੱਜ ਦੇ ਸਥਾਨ ਤੱਕ ਲੈ ਆਇਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਅਕਤੀ ਦੀ ਆਰਥਿਕਤਾ ਦਾ ਸਿੱਖਿਆ ਵਿੱਚ ਮਾਮੂਲੀ ਭੂਮਿਕਾ ਹੁੰਦੀ ਹੈ ਅਤੇ ਦ੍ਰਿੜ ਇਰਾਦੇ ਨਾਲ ਕੋਈ ਵੀ ਹੁਨਰ ਅਤੇ ਗਿਆਨ ਪ੍ਰਾਪਤ ਕਰ ਸਕਦਾ ਹੈ।
ਕੈਬਨਿਟ ਮੰਤਰੀ ਨੇ ਵਿਦਿਆਰਥੀਆਂ ਨੂੰ ਮੁਹਾਰਤ ਲਈ ਯਤਨ ਅਤੇ ਟੀਚਿਆਂ ਦੀ ਪ੍ਰਾਪਤੀ ਲਈ ਅਣਥੱਕ ਮਿਹਨਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਸ਼ੇ ਵਿੱਚ ਮੁਹਾਰਤ ਹਾਸਲ ਕਰਨ ਲਈ ਡੂੰਘਾਈ ਨਾਲ ਅਧਿਐਨ ਅਤੇ ਖੋਜ ਜ਼ਰੂਰੀ ਹੈ ਅਤੇ ਸਖ਼ਤ ਮਿਹਨਤ ਦਾ ਕੋਈ ਬਦਲ ਨਹੀਂ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਮਿਹਨਤ ਕਰਕੇ ਆਪਣੇ ਮਾਤਾ-ਪਿਤਾ ਦੀਆਂ ਉਮੀਦਾਂ ਨੂੰ ਪੂਰਾ ਕਰਨ।
ਇਸ ਮੌਕੇ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਹੋਰਨਾਂ ਦੀ ਮਦਦ ਕਰਨ ਅਤੇ ਸਮਾਜ ਵਿੱਚ ਸਕਾਰਾਤਮਕ ਪ੍ਰਭਾਵ ਪਾਉਣ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੱਚੀ ਸਫਲਤਾ ਸਿਰਫ ਨਿੱਜੀ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਨਹੀਂ ਬਲਕਿ ਦੂਜਿਆਂ ਦੇ ਜੀਵਨ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਵਿੱਚ ਵੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਅਸੀਂ ਨਾ ਸਿਰਫ਼ ਦੂਜਿਆਂ ਨੂੰ ਮੁਸ਼ਕਲ ਵਿੱਚ ਉਭਾਰਦੇ ਹਾਂ ਬਲਕਿ ਹਮਦਰਦੀ ਅਤੇ ਬਰਾਬਰੀ ਵਾਲਾ ਸਮਾਜ ਵੀ ਸਿਰਜਦੇ ਹਾਂ।
ਪ੍ਰੋ: ਨਮਿਤਾ ਗੁਪਤਾ ਵੱਲੋਂ ਸੈਂਟਰ ਫਾਰ ਹਿਊਮਨ ਰਾਈਟਸ ਐਂਡ ਡਿਊਟੀਜ਼ ਦੀ ਨਵੀਂ ਚੇਅਰਪਰਸਨ ਵਜੋਂ ਅਹੁਦਾ ਸੰਭਾਲਣ ਮੌਕੇ ਡਾ: ਉਪਨੀਤ ਕੌਰ ਮਾਂਗਟ ਨੂੰ ਵਿਦਾਇਗੀ ਦੇਣ ਮੌਕੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵਿਭਾਗ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇੰਨ੍ਹਾਂ ਅਧਿਆਪਕਾਵਾਂ ਨੂੰ ਵਧਾਈ ਦਿੱਤੀ। ਇਸ ਮੌਕੇ ਵਿਦਿਆਰਥੀਆਂ ਨੂੰ ਬਿਹਤਰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਪੰਜਾਬ ਯੂਨੀਵਰਸਿਟੀ ਵਰਗੀ ਵਿਸ਼ਵ ਪੱਧਰੀ ਸੰਸਥਾ ਵਿੱਚ ਪੜ੍ਹਾਈ ਕਰਨ ਦੇ ਮਿਲੇ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਕਿਉਂਕਿ ਹਰ ਕੋਈ ਇੰਨੇ ਭਾਗਾਂ ਵਾਲਾ ਨਹੀਂ ਹੁੰਦਾ ਕਿ ਅਜਿਹੀ ਸਿੱਖਿਆ ਪ੍ਰਾਪਤ ਕਰ ਸਕੇ।