Budhlada News : ਦੀਵਾਲੀ ਨੂੰ ਨੈਸ਼ਨਲ ਹਾਈਵੇਅ ਤੇ ਰਾਹਗੀਰਾਂ ਦੇ ਸ਼ੀਸ਼ੇ ਤੋੜਨ ਅਤੇ ਵਸੂਲੀ ਕਰਨ ਵਾਲੇ 2 ਕਾਬੂ, ਹੂਲੜਬਾਜਾਂ ਦੀ ਵੀਡਿਓ ਵਾਈਰਲ
ਬੁਢਲਾਡਾ 4 ਨਵੰਬਰ (ਵਿਸ਼ਵ ਵਾਰਤਾ) ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਰਾਹਗੀਰਾਂ ਨੂੰ ਲੁੱਟ ਖੋਹ ਦੀ ਨੀਅਤ ਨਾਲ ਘੇਰ ਕੇ ਗੱਡੀਆਂ ਦੇ ਸ਼ੀਸ਼ਿਆਂ ਭੰਨ ਕੇ, ਉਹਨਾਂ ਦੀਆਂ ਗੱਡੀਆਂ ਰੋਕ ਕੇ ਰਾਹਗੀਰਾਂ ਪਾਸੋਂ ਜ਼ਬਰੀ ਵਸੂਲੀ ਕਰਦਿਆਂ ਹੂਲੜਬਾਜੀ ਕਰਦੇ 2 ਨੌਜਵਾਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਿਨ੍ਹਾਂ ਦੀ ਵੀਡੀਓ ਵਾਈਰਲ ਹੋ ਚੁੱਕੀ ਹੈ ਕਿ ਇਹ ਨੌਜਵਾਨ ਕਿਸ ਤਰ੍ਹਾਂ ਰਾਹਗੀਰਾਂ ਨਾਲ ਲੁੱਟ ਖੋਹ ਕਰ ਰਹੇ ਸਨ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਡੀ.ਐਸ.ਪੀ. ਗਮਦੂਰ ਸਿੰਘ ਚਹਿਲ ਨੇ ਦੱਸਿਆ ਕਿ ਦੀਵਾਲੀ ਦੇ ਤਿਓਹਾਰ ਨੂੰ ਮੱਦੇ ਨਜਰ ਰੱਖਦਿਆਂ ਪੁਲਿਸ ਦੀ ਗਸ਼ਤ ਚੈਕਿੰਗ ਦੌਰਾਨ ਗੁਪਤ ਸੂਚਨਾ ਮਿਲੀ ਕਿ ਪਿੰਡ ਦਾਤੇਵਾਸ ਦੇ ਬੱਸ ਸਟੈਂਡ ਨਜਦੀਕ ਅਮਨਦੀਪ ਸਿੰਘ ਉਰਫ ਲੇਡਾ, ਜਗਜੀਤ ਸਿੰਘ ਉਰਫ ਜੋਨੀ ਪਿੰਡ ਦਾਤੇਵਾਸ ਜੋ ਬੁਢਲਾਡਾ ਬਰੇਟਾ ਨੈਸ਼ਨਲ ਹਾਈਵੇਅ ਤੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਰਾਹਗੀਰਾਂ ਨੂੰ ਲੁੱਟ ਖੋਹ ਦੀ ਨੀਅਤ ਨਾਲ ਘੇਰ ਕੇ, ਗੱਡੀਆਂ ਦੇ ਸ਼ੀਸ਼ੇ ਭੰਨ ਕੇ, ਰਾਹਗੀਰਾਂ ਤੋਂ ਜਬਰੀ ਵਸੂਲੀ ਕਰ ਰਹੇ ਸਨ।
ਜੋ ਨਸ਼ੇ ਦੀ ਹਾਲਤ ਵਿੱਚ ਹੂਲੜਬਾਜੀ ਕਰਦਿਆਂ ਆਮ ਲੋਕਾਂ ਦੀ ਸ਼ਾਂਤੀ ਭੰਗ ਕਰ ਰਹੇ ਹਨ। ਜਿਨ੍ਹਾਂ ਨੂੰ ਤੁਰੰਤ ਪੁਲਿਸ ਨੇ ਹਰਕਤ ਵਿੱਚ ਆਉਂਦਿਆਂ ਐਸ.ਐਚ.ਓ. ਸਦਰ ਹਰਬੰਸ ਸਿੰਘ ਦੀ ਅਗਵਾਈ ਹੇਠ ਥਾਣੇਦਾਰ ਰਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਦਿੱਤੀ ਸੂਚਨਾ ਦੇ ਆਧਾਰ ਤੇ ਦੋਨੋਂ ਨੌਜਵਾਨਾਂ ਨੂੰ ਮੌਕੇ ਤੋਂ ਕਾਬੂ ਕਰਦਿਆਂ ਮਕੱਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ।
ਉਨ੍ਹਾਂ ਦੱਸਿਆ ਕਿ ਉਪਰੋਕਤ ਵਿਅਕਤੀਆਂ ਖਿਲਾਫ ਪਹਿਲਾ ਵੀ ਚੋਰੀ ਅਤੇ ਲੜਾਈ ਝਗੜੇ ਦੇ ਮੁਕੱਦਮੇ ਦਰਜ ਹਨ। ਪੁਲਿਸ ਇਨ੍ਹਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਕਿ ਇਨ੍ਹਾਂ ਦੇ ਗੈਂਗ ਨਾਲ ਹੋਰ ਵਿਅਕਤੀ ਵੀ ਜੁੜੇ ਹੋ ਸਕਦੇ ਹਨ।