BRICS ਸੰਮੇਲਨ ’ਚ ਸ਼ਾਮਲ ਹੋਣ ਲਈ PM ਮੋਦੀ ਰੂਸ ਦੌਰੇ ‘ਤੇ ਰਵਾਨਾ ; ਅੱਜ ਰਾਸ਼ਟਰਪਤੀ ਪੁਤਿਨ ਨਾਲ ਕਰਨਗੇ ਮੁਲਾਕਾਤ
ਚੰਡੀਗੜ੍ਹ, 22ਅਕਤੂਬਰ(ਵਿਸ਼ਵ ਵਾਰਤਾ) ਪ੍ਰਧਾਨ ਮੰਤਰੀ ਨਰਿੰਦਰ ਮੋਦੀ BRICS ਸੰਮੇਲਨ ‘ਚ ਹਿੱਸਾ ਲੈਣ ਲਈ ਰੂਸ ਦੇ ਦੌਰੇ ‘ਤੇ ਸਵੇਰੇ 7 ਵਜੇ ਰਵਾਨਾ ਹੋ ਗਏ ਹਨ। ਉਨ੍ਹਾਂ ਦਾ ਇਹ ਦੌਰਾ 2 ਦਿਨ ਤੱਕ ਚੱਲੇਗਾ। BRICS ਦਾ ਇਹ ਸਿਖਰ ਸੰਮੇਲਨ ਰੂਸ ਦੇ ਕਜ਼ਾਨ ਸ਼ਹਿਰ ਵਿੱਚ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਪੀਐਮ ਮੋਦੀ ਪਿਛਲੇ 4 ਮਹੀਨਿਆਂ ਵਿੱਚ ਦੂਜੀ ਵਾਰ ਰੂਸ ਦਾ ਦੌਰਾ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹਨਾਂ ਨੇ ਜੁਲਾਈ ‘ਚ ਭਾਰਤ-ਰੂਸ ਸੰਮੇਲਨ ‘ਚ ਹਿੱਸਾ ਲਿਆ ਸੀ। ਅੱਜ ਰੂਸ ਪਹੁੰਚਣ ਤੋਂ ਬਾਅਦ ਪੀਐਮ ਮੋਦੀ ਸ਼ਾਮ ਨੂੰ BRICS ਨੇਤਾਵਾਂ ਦੇ ਨਾਲ ਡਿਨਰ ਵਿੱਚ ਸ਼ਾਮਲ ਹੋਣਗੇ। ਇੱਥੇ ਉਹ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਦੇ ਅਨੁਸਾਰ, ਪੀਐਮ ਮੋਦੀ ਬੁੱਧਵਾਰ ਨੂੰ BRICS ਬੈਠਕ ਵਿੱਚ ਹਿੱਸਾ ਲੈਣਗੇ। ਇਸ ਦੌਰਾਨ ਪੀਐਮ ਮੋਦੀ ਇੱਥੇ ਕਈ ਨੇਤਾਵਾਂ ਨਾਲ ਦੁਵੱਲੀ ਗੱਲਬਾਤ ਵੀ ਕਰਨਗੇ। ਦੱਸਣਯੋਗ ਹੈ ਕਿ BRIC ਦੇਸ਼ਾਂ ਦਾ ਪਹਿਲਾ ਸਿਖਰ ਸੰਮੇਲਨ 2009 ਵਿੱਚ ਹੋਇਆ ਸੀ। ਇਹ ਰੂਸ ਵਿਚ ਆਯੋਜਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਸਾਲ 2010 ‘ਚ ਦੱਖਣੀ ਅਫਰੀਕਾ ਦੇ ਸ਼ਾਮਲ ਹੋਣ ਤੋਂ ਬਾਅਦ ਇਸ ਦਾ ਨਾਂ ਬਦਲ ਕੇ BRICS ਕਰ ਦਿੱਤਾ ਗਿਆ। ਹੁਣ ਤੱਕ 15 ਵਾਰ ਬ੍ਰਿਕਸ ਸੰਮੇਲਨ ਹੋ ਚੁੱਕਾ ਹੈ। ਇਸ ਵਾਰ ਇਸ ਦਾ 16ਵਾਂ ਸੰਮੇਲਨ ਕਰਵਾਇਆ ਜਾ ਰਿਹਾ ਹੈ।