Breaking News : ਤਖ਼ਤਾਂ ਦੇ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਦੇ ਵਿਰੋਧ ਵਿੱਚ ਹੁਣ ਅਕਾਲੀ ਲੀਡਰਾਂ ਨੇ ਹੀ ਚੁੱਕਿਆ ਬਗਾਵਤੀ ਝੰਡਾ
- ਬਿਕਰਮ ਮਜੀਠੀਆ ਨੇ ਅੰਤ੍ਰਿਗ ਕਮੇਟੀ ਦੇ ਫੈਸਲੇ ਦਾ ਕੀਤਾ ਵਿਰੋਧ
- ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕਮੇਟੀ ਦੇ ਫੈਸਲੇ ਤੇ ਸਵਾਲ ਚੁੱਕਣ ਲਈ ਮਜੀਠੀਆ ਦੀ ਕੀਤੀ ਨਿਖੇਧੀ
- ਸੁਖਬੀਰ ਸਿੰਘ ਬਾਦਲ ਉੱਪਰ ਆਏ ਔਖੇ ਸਮੇਂ ਮਜੀਠੀਆ ਨੇ ਨਾਲ਼ ਖੜਨ ਦੀ ਥਾਂ ਪਿੱਠ ਵਿੱਚ ਛੁਰਾ ਮਾਰਿਆ – ਬਲਵਿੰਦਰ ਸਿੰਘ ਭੂੰਦੜ
- ਪੂਰੀ ਸ਼੍ਰੋਮਣੀ ਅਕਾਲੀ ਦਲ ‘ਚ ਛਿੜੇ ਬਗਾਵਤੀ ਸੁਰ
ਚੰਡੀਗੜ੍ਹ, 8ਮਾਰਚ(ਵਿਸ਼ਵ ਵਾਰਤਾ) Breaking News : ਬੀਤੇ ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC)ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਦੀ ਅਗਵਾਈ ਹੇਠ ਹੋਈ l ਇਸ ਮੀਟਿੰਗ ਵਿੱਚ ਕਈ ਵੱਡੇ ਫੈਸਲੇ ਕੀਤੇ ਗਏ। SGPC ਅੰਤ੍ਰਿੰਗ ਕਮੇਟੀ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਜਥੇਦਾਰੀਆਂ ਤੋਂ ਲਾਂਭੇ ਕਰ ਦਿੱਤਾ ਹੈ। ਉਦੋਂ ਤੋਂ ਹੀ ਅੰਤ੍ਰਿਗ ਕਮੇਟੀ ਦੇ ਇਸ ਫੈਸਲੇ ਦਾ ਦੁਨੀਆ ਭਰ ਦੇ ਸਿੱਖਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
SGPC ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਦਾ ਵਿਰੋਧ ਕੀਤਾ ਹੈ।
ਹੁਣ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬਾਦਲ ਪਰਿਵਾਰ ਨਾਲ ਸੰਬੰਧਤ ਬਿਕਰਮ ਮਜੀਠੀਆ ਨੇ ਵੀ ਅੰਤ੍ਰਿਗ ਕਮੇਟੀ ਦੇ ਇਸ ਫੈਸਲੇ ਦੇ ਵਿਰੁੱਧ ਅਸਹਿਮਤੀ ਜਤਾਈ ਹੈ।
ਮਜੀਠੀਆ ਸਮੇਤ 7 ਹੋਰ ਅਕਾਲੀ ਆਗੂਆਂ ਨੇ ਜਿਨ੍ਹਾਂ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਲਖ਼ਬੀਰ ਸਿੰਘ ਲੋਧੀ ਨੰਗਲ, ਅਜਨਾਲਾ ਦੇ ਹਲਕਾ ਇੰਚਾਰਜ ਜੋਧਸਿੰਘ ਸਮਾਰਾ, ਮੁਕੇਰੀਆਂ ਦੇ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ, ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਧੂ ਅਤੇ ਯੂਥ ਅਕਾਲੀ ਦਲ ਦੇ ਆਗੂ ਸਿਮਰਨਜੀਤ ਸਿੰਘ ਢਿੱਲੋਂ ਸ਼ਾਮਲ ਹਨ, ਨੇ ਵੀ ਅੰਤ੍ਰਿਗ ਕਮੇਟੀ ਦੇ ਫੈਸਲੇ ਦਾ ਵਿਰੋਧ ਕੀਤਾ ਹੈ। ਬਿਕਰਮ ਸਿੰਘ ਮਜੀਠੀਆ ਵੱਲੋਂ ਆਪਣੇ ਅਤੇ ਆਪਣੇ ਸਾਥੀ ਆਗੂਆਂ ਦੇ ਦਸਤਖ਼ਤਾਂ ਹੇਠ ਜਾਰੀ ਬਿਆਨ ਨੇ ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਸਿਆਸਤ ਵਿੱਚ ਸਰਗਰਮੀ ਪੈਦਾ ਕਰ ਦਿੱਤੀ ਹੈ। ਇਹ ਪਹਿਲਾ ਮਾਮਲਾ ਹੈ ਜਦੋਂ ਬਾਦਲ ਪਰਿਵਾਰ ਦੇ ਕਿਸੇ ਕਰੀਬੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਫੈਸਲੇ ਦਾ ਜਨਤਕ ਤੌਰ ਤੇ ਵਿਰੋਧ ਕੀਤਾ ਗਿਆ ਹੈ।
ਜਾਰੀ ਕੀਤੇ ਗਏ ਪ੍ਰੈਸ ਬਿਆਨ ਵਿੱਚ ਮਜੀਠੀਆ ਅਤੇ ਹੋਰ ਆਗੂਆਂ ਨੇ ਕਿਹਾ ਕਿ ਉਹ “ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਦੀ ਮਾਣ ਮਰਿਆਦਾ ਦਾ ਬਹੁਤ ਸਤਿਕਾਰ ਕਰਦੇ ਹਨ ਅਤੇ ਅਖ਼ੀਰਲੇ ਸਾਹ ਤਕ ਕਰਦੇ ਰਹਾਂਗੇ। ਇਹ ਮਾਣ ਮਰਿਆਦਾ ਕਿਸੇ ਵਿਅਕਤੀ ਵਿਸ਼ੇਸ਼ ਤੱਕ ਸੀਮਤ ਨਹੀਂ ਹੈ ਤੇ ਜੋ ਵੀ ਜਥੇਦਾਰ ਸਾਹਿਬਾਨ ਇਸ ਤਖ਼ਤ ਤੇ ਬਿਰਾਜਮਾਨ ਹਨ, ਉਹਨਾਂ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਨੈਤਿਕ ਫਰਜ਼ ਬਣਦਾ ਹੈ, ਜੋ ਸਦਾ ਕਰਦੇ ਰਹਾਂਗੇ।
ਪਿਛਲੇ ਦਿਨਾਂ ਦੇ ਘਟਨਾਕ੍ਰਮ ਕਰਕੇ ਜੋ ਕੱਲ ਦਾ ਫ਼ੈਸਲਾ ਅੰਤਰਿੰਗ ਕਮੇਟੀ ਨੇ ਕੀਤਾ ਹੈ, ਉਸ ਨਾਲ ਸਿੱਖ ਸੰਗਤ ਅਤੇ ਸਾਡੇ ਮਨਾਂ ਨੂੰ ਡੂੰਘੀ ਠੇਸ ਪਹੁੰਚੀ ਹੈ। ਗੁਰੂ ਸਾਹਿਬ ਜੀ ਨੇ ਸੰਗਤ ਨੂੰ ਵੀ ਗੁਰੂ ਦਾ ਰੁਤਬਾ ਦਿੱਤਾ ਹੈ, ਉਸ ਸੰਗਤ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਇਸ ਫ਼ੈਸਲੇ ਨਾਲ ਸਹਿਮਤ ਨਹੀਂ ਹਾਂ। ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਜੋ ਘਟਨਾਕ੍ਰਮ ਵਾਪਰ ਰਹੇ ਹਨ, ਉਸ ਨਾਲ ਸਾਡੇ ਮਨ ਅੱਜ ਬਹੁਤ ਦੁਖ਼ੀ ਅਤੇ ਉਦਾਸ ਹਨ ਅਤੇ ਚਾਹੇ ਉਹ ਪੰਥਕ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ, ਚਾਹੇ ਉਹ ਪੰਥਕ ਏਕਤਾ ਵੱਲ ਪਹਿਲਕਦਮੀ ਕਰਨ ਵਿੱਚ ਪੁੱਟੇ ਜਾਣਵਾਲੇ ਕਦਮ ਹੋਣ, ਜੋ ਕੁਝ ਸਮੇਂ ਤੋਂ ਨਹੀਂ ਪੁੱਟੇ ਗਏ, ਇਹਨਾਂ ਕਾਰਨਾਂ ਕਰਕੇ ਅੱਜ ਇਹੋ ਜਿਹੇ ਹਾਲਾਤ ਬਣ ਗਏ ਹਨ ਜਿਨ੍ਹਾਂ ਹਾਲਾਤਾਂ ਦੇ ਅਸੀਂ ਸਾਰੇ ਜਿੰਮੇਵਾਰ ਹਾਂ ਚਾਹੇ ਸੁਧਾਰ ਲਹਿਰ ਵਾਲੇ ਚਾਹੇ ਕੁਝ ਪੰਥਕ ਲੋਕ ਹੋਣ ਅਸੀਂ ਸਾਰੇ ਹੀ ਇਹਨਾਂ ਹਾਲਾਤਾਂ ਤੋਂ ਪਾਸਾ ਵੱਟਦੇ ਰਹੇ ਹਾਂ। ਅੱਜ ਬੜੀ ਗੰਭੀਰਤਾ ਨਾਲ ਇਹ ਕਹਿ ਰਹੇ ਹਾਂਕਿ ਸਾਨੂੰ ਸਾਰਿਆਂ ਨੂੰ ਜ਼ਿੰਮੇਵਾਰੀ ਸਮਝਦੇ ਹੋਏ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਜਿਸ ਦੀ ਸਥਾਪਨਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਈ ਹੋਵੇ ਉਸ ਨੂੰ ਟੁੱਟਣ ਤੋਂ ਬਚਾਉਣ ਵਾਸਤੇ ਅੱਗੇ ਹੋ ਕੇ ਇਕ ਸਾਂਝੀ ਰਾਏ ਬਣਾਉਣ ਦੀ ਲੋੜ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਬਹਾਲ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਜੋ ਹਾਲਾਤ ਪਿਛਲੇ ਦਿਨਾਂ ਤੋਂ ਚੱਲ ਰਹੇ ਹਨ ਇਹਨਾਂ ਨੂੰ ਦੇਖ਼ਦੇ ਹੋਏ ਸਾਡੇ ਅਤੇ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਦੇ ਮਨ ਵਿੱਚ ਬੜੀ ਪੀੜ ਹੈ ਜਿਸ ਨੂੰ ਮਹਿਸੂਸ ਕਰਦੇ ਹੋਏ ਅਸੀਂ ਸਮਝਦੇ ਹਾਂ ਕਿ ਇਹ ਲੀਡਰਸ਼ਿਪ ਦੀ ਆਪਸੀ ਖਿਚੋਤਾਣ ਕਰਕੇ ਹੋਇਆ ਹੈ। ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਵਾਲੇ ਅਤੇ ਸੁਧਾਰ ਲਹਿਰ ਵਾਲੇ ਇੱਕੋ ਪਰਿਵਾਰ ਵਿੱਚ ਰਹਿ ਕੇ ਪਾਰਟੀ ਦਾ ਕੰਮ ਕਰਦੇ ਰਹੇ ਹਾਂ। ਅੱਜ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਆਪਸੀ ਖਿੱਚੋਤਾਣ ਕਰਕੇ ਹੀ ਇਹ ਸਭ ਕੁਝ ਵਾਪਰਿਆ ਹੈ ਜਿਸ ਨਾਲ ਪੰਥ ਵਿਰੋਧੀ ਸ਼ਕਤੀਆਂ ਨੂੰ ਬਲ ਮਿਲਿਆ ਹੈ ਅਤੇ ਪੰਥਕ ਏਕਤਾ ਅਤੇ ਪੰਜਾਬ ਦੀ ਖ਼ੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡੀ ਢਾਹ ਲੱਗੀ ਹੈ ਜਿਸ ’ਤੇ ਗੰਭੀਰ ਚਿੰਤਨ ਕਰਨ ਦੀ ਲੋੜ ਹੈ। ਅਸੀਂ ਅੱਜ ਵੀ ਅਪੀਲ ਕਰਦੇ ਹਾਂ ਕੀ ਆਪਸੀ ਮਤਭੇਦ ਅਤੇ ਰੰਜਿਸ਼ਾਂ ਨੂੰ ਭੁਲਾ ਕੇ ਦਰਿਆਦਿਲੀ ਵਿਖਾਉਂਦੇ ਹੋਏ ਪਾਰਟੀ ਦੇ ਵਾਸਤੇ ਦਿੱਤੀਆਂ ਹੋਈਆਂ ਪਰਿਵਾਰਾਂ ਦੀਆਂ ਕੁਰਬਾਨੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਸਾਨੂੰ ਸਾਰਿਆਂ ਨੂੰ ਇਕ ਮੰਚ ’ਤੇ ਇਕੱਠੇ ਹੋ ਕੇ ਪੰਜਾਬ ਦੇ ਅਤੇ ਪੰਥ ਦੇ ਭਲੇ ਵਾਸਤੇ ਕੰਮ ਕਰਨਾ ਚਾਹੀਦਾ ਹੈ।”
ਬਾਦਲ ਪਰਿਵਾਰ ਦੇ ਕਰੀਬੀ ਮਜੀਠੀਆ ਵੱਲੋਂ ਜਾਰੀ ਬਿਆਨ ਨਾਲ ਇਸ ਚਰਚਾ ਨੇ ਜ਼ੋਰ ਫੜ ਲਿਆ ਹੈ ਕਿ ਆਮ ਲੋਕਾਂ ਦੇ ਨਾਲ-ਨਾਲ ਹੁਣ ਅਕਾਲੀ ਲੀਡਰਸ਼ਿਪ ਵੀ ਅੰਤ੍ਰਿਗ ਕਮੇਟੀ ਦੇ ਫੈਸਲੇ ਨਾਲ ਦੋਫਾੜ ਹੁੰਦੀ ਜਾਪ ਰਹੀ ਹੈ।
ਇਸਦੇ ਨਾਲ ਹੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੇ ਸ਼੍ਰੋਮਣੀ ਕਮੇਟੀ ਦੇ ਫੈਸਲੇ ਤੇ ਸਵਾਲ ਉਠਾਉਣ ਲਈ ਬਿਕਰਮ ਮਜੀਠੀਆ ਦੀ ਨਿੰਦਾ ਕੀਤੀ ਹੈ।
ਭੁੰਦੜ ਨੇ ਇਸ ਨੂੰ ਸੁਖਬੀਰ ਬਾਦਲ ਨਾਲ ਵਿਸ਼ਵਾਸ਼ ਘਾਤ ਦੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮਜੀਠੀਆ ਦੀ ਕਾਰਵਾਈ ਪਾਰਟੀ ਅਨੁਸ਼ਾਸ਼ਨ ਦੀ ਉਲੰਘਣਾ ਹੈ।
https://x.com/Akali_Dal_/status/1898420396761993475
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/