Breaking News : ਗੁਰਦਾਸਪੁਰ ਅਤੇ ਬਟਾਲਾ ਹੈਂਡ ਗ੍ਰਨੇਡ ਹਮਲੇ ‘ਚ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ
ਮਾਸਟਰਮਾਈਂਡ ਸਮੇਤ ਅੱਤਵਾਦੀ ਮਾਡਿਊਲ ਦੇ ਪੰਜ ਮੈਂਬਰ ਗ੍ਰਿਫਤਾਰ
ਚੰਡੀਗੜ੍ਹ/ਬਟਾਲਾ,30ਦਸੰਬਰ(ਵਿਸ਼ਵ ਵਾਰਤਾ) ਪੰਜਾਬ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਇੱਕ ਹੋਰ ਪਾਕਿਸਤਾਨ-ਆਈ.ਐਸ.ਆਈ. ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦੇ ਪੰਜ ਮੈਂਬਰਾਂ, ਜਿਹਨਾਂ ਵਿੱਚ ਬਟਾਲਾ ਅਤੇ ਗੁਰਦਾਸਪੁਰ ਦੇ ਪੁਲਿਸ ਅਦਾਰਿਆਂ ‘ਤੇ ਹੋਏ ਹੈਂਡ ਗ੍ਰਨੇਡ ਹਮਲੇ ਦਾ ਮਾਸਟਰਮਾਈਂਡ ਅਭਿਜੋਤ ਸਿੰਘ ਵੀ ਸ਼ਾਮਲ ਹੈ, ਨੂੰ ਗ੍ਰਿਫ਼ਤਾਰ ਕਰਕੇ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਦੱਸਣਯੋਗ ਹੈ ਕਿ ਇਹ ਮਾਡਿਊਲ ਵਿਦੇਸ਼ ਅਧਾਰਿਤ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਅਤੇ ਸ਼ਮਸ਼ੇਰ ਉਰਫ਼ ਹਨੀ ਵੱਲੋਂ ਚਲਾਏ ਜਾ ਰਹੇ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਵੱਲੋਂ ਸੰਚਾਲਿਤ ਕੀਤਾ ਜਾ ਰਿਹਾ ਸੀ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ। ਡੀਜੀਪੀ ਨੇ ਦੱਸਿਆ ਕਿ ਇਸ ਮਾਡਿਊਲ ਦਾ ਸਫ਼ਲਤਾਪੂਰਵਕ ਪਰਦਾਫਾਸ਼ ਕਰਦਿਆਂ ਪੰਜਾਬ ਪੁਲਿਸ ਨੇ ਸੂਬੇ ਵਿੱਚ ਪੁਲਿਸ ਅਦਾਰਿਆਂ ‘ਤੇ ਹੋਏ ਹਮਲਿਆਂ ਦੀਆਂ ਸਾਰੀਆਂ ਗੁੱਥੀਆਂ ਨੂੰ ਸੁਲਝਾ ਲਿਆ ਹੈ।
ਗ੍ਰਿਫ਼ਤਾਰ ਕੀਤੇ ਗਏ ਬਾਕੀ ਚਾਰ ਵਿਅਕਤੀਆਂ ਦੀ ਪਛਾਣ ਕੁਲਜੀਤ ਸਿੰਘ, ਰੋਹਿਤ ਉਰਫ਼ ਘੇਸੀ, ਸ਼ੁਭਮ ਅਤੇ ਗੁਰਜਿੰਦਰ ਸਿੰਘ ਉਰਫ਼ ਰਾਜਾ ਸਾਰੇ ਵਾਸੀ ਕਿਲ੍ਹਾ ਲਾਲ ਸਿੰਘ, ਬਟਾਲਾ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ ‘ਚੋਂ ਦੋ ਪਿਸਤੌਲ ਜਿਹਨਾਂ ਵਿੱਚ ਇੱਕ 9 ਐਮ.ਐਮ. ਗਲਾਕ ਅਤੇ ਇੱਕ .32 ਬੋਰ ਦਾ ਪਿਸਤੌਲ ਸ਼ਾਮਲ ਹੈ, ਵੀ ਬਰਾਮਦ ਕੀਤੇ ਹਨ।
ਇਹ ਸਫ਼ਲਤਾ ਬਟਾਲਾ ਦੇ ਘਣੀਏ ਕੇ ਬਾਂਗਰ ਪੁਲਿਸ ਸਟੇਸ਼ਨ ‘ਤੇ 12 ਦਸੰਬਰ ਨੂੰ ਰਾਤ 10.20 ਵਜੇ ਦੇ ਕਰੀਬ ਕੁਝ ਵਿਅਕਤੀਆਂ ਵੱਲੋਂ ਹੈਂਡ ਗ੍ਰਨੇਡ ਸੁੱਟੇ ਜਾਣ ਤੋਂ ਉਪਰੰਤ ਅਤੇ 20 ਦਸੰਬਰ ਨੂੰ ਰਾਤ 9.30 ਵਜੇ ਦੇ ਕਰੀਬ ਗੁਰਦਾਸਪੁਰ ਦੀ ਵਡਾਲਾ ਬਾਂਗਰ ਪੁਲਿਸ ਚੌਕੀ ‘ਤੇ ਹੋਏ ਹਮਲੇ ਉਪਰੰਤ ਕੁਝ ਦਿਨਾਂ ਬਾਅਦ ਹਾਸਲ ਹੋਈ ਹੈ। ਇਹਨਾਂ ਘਟਨਾਵਾਂ ਤੋਂ ਬਾਅਦ, ਅੱਤਵਾਦੀ ਸੰਗਠਨ ਬੀ.ਕੇ.ਆਈ. ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵੱਖ-ਵੱਖ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਇਹਨਾਂ ਅੱਤਵਾਦੀ ਹਮਲਿਆਂ ਦੀ ਜ਼ਿੰਮੇਵਾਰੀ ਲਈ ਸੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਜਦੋਂ ਮੁਲਜ਼ਮ ਅਭੀਜੋਤ ਸਿੰਘ ਅਤੇ ਕੁਲਜੀਤ ਸਿੰਘ ਨੂੰ ਰਿਕਵਰੀ ਲਈ ਲਿਜਾਇਆ ਗਿਆ ਤਾਂ ਉਨ੍ਹਾਂ ਨੇ ਹਿਰਾਸਤ ਤੋਂ ਭੱਜਣ ਲਈ ਪੁਲਿਸ ਟੀਮ ‘ਤੇ ਹਮਲਾ ਕਰ ਦਿੱਤਾ, ਜਿਸ ਦੇ ਜਵਾਬ ਵਿੱਚ ਪੁਲਿਸ ਨੇ ਸਵੈ-ਰੱਖਿਆ ਲਈ ਗੋਲੀਬਾਰੀ ਕੀਤੀ ਜਿਸ ਦੇ ਚਲਦਿਆਂ ਦੋਵਾਂ ਨੂੰ ਗੋਲੀਆਂ ਲੱਗੀਆਂ। ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਡੀਜੀਪੀ ਨੇ ਦੱਸਿਆ ਕਿ ਇਸ ਮਾਮਲੇ ਦੇ ਅਗਲੇ-ਪਿੱਛਲੇ ਸਬੰਧ ਸਥਾਪਤ ਕਰਨ ਅਤੇ ਇਸ ਪੂਰੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਨ ਲਈ ਜਾਂਚ ਜਾਰੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀ.ਆਈ.ਜੀ.) ਬਾਰਡਰ ਰੇਂਜ ਸਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਅਦਾਰਿਆਂ ‘ਤੇ ਹੋਏ ਹਮਲੇ ਉਪਰੰਤ ਬਟਾਲਾ ਪੁਲਿਸ ਵੱਲੋਂ ਦੋਸ਼ੀਆਂ ਨੂੰ ਫੜਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ।
ਉਨ੍ਹਾਂ ਦੱਸਿਆ ਕਿ ਤਕਨੀਕੀ ਅਤੇ ਮਨੁੱਖੀ ਸੂਹਾਂ ‘ਤੇ ਕਾਰਵਾਈ ਕਰਦਿਆਂ ਐਸ.ਐਸ.ਪੀ. ਬਟਾਲਾ ਸੁਹੇਲ ਕਾਸਿਮ ਮੀਰ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਨੇ ਸਾਰੇ ਮੁਲਜ਼ਮਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਕਾਬੂ ਕਰ ਲਿਆ। ਐਸ.ਐਸ.ਪੀ. ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਉਮੀਦ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/