breaking news : ਪਿੰਡ ਪੱਕਾ ‘ਚ ਜ਼ਮੀਨ ਦੇ ਠੇਕੇ ਦੀ ਰੰਜਿਸ਼ ਕਾਰਨ ਪਿਉ-ਪੁੱਤ ਦਾ ਗੋਲੀਆਂ ਮਾਰਕੇ ਕਤਲ
ਫਾਜ਼ਿਲਕਾ, 19ਜੁਲਾਈ (ਵਿਸ਼ਵ ਵਾਰਤਾ)breaking news: ਜਲਾਲਾਬਾਦ ਨਜ਼ਦੀਕ ਪਿੰਡ ਪੱਕਾ ‘ਚ ਪਿਉ-ਪੁੱਤ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੋਹਰੇ ਕਤਲ ਤੋਂ ਬਾਅਦ ਜਿੱਥੇ ਪਰਿਵਾਰ ਵਿੱਚ ਸੋਗ ਹੈ, ਉੱਥੇ ਹੀ ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ। ਕਤਲ ਦਾ ਕਾਰਨ ਖੇਤਾਂ ਨੂੰ ਪਾਣੀ ਦੇਣਾ ਦਾ ਝਗੜਾ ਅਤੇ ਜ਼ਮੀਨ ਦੇ ਠੇਕੇ ਨੂੰ ਲੈ ਕੇ ਰੰਜਿਸ਼ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਅਵਤਾਰ ਸਿੰਘ ਅਤੇ ਉਸ ਦੇ ਪੁੱਤਰ ਹਰਮੀਤ ਸਿੰਘ ਨੂੰ ਉਸ ਸਮੇਂ ਗੋਲੀ ਮਾਰ ਦਿੱਤੀ ਗਈ ਜਦੋਂ ਦੋਵੇਂ ਪਿਓ-ਪੁੱਤਰ ਖੇਤਾਂ ਨੂੰ ਪਾਣੀ ਲਗਾ ਰਹੇ ਸਨ। ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ। ਪਰਿਵਾਰ ਦਾ ਬੁਰਾ ਹਾਲ ਹੈ। ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕ ਅਵਤਾਰ ਸਿੰਘ ਦੇ ਭਰਾ ਕਾਰਜ ਸਿੰਘ ਨੇ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਉਸ ਦੇ ਭਰਾ ਨੇ ਪਿੰਡ ਵਿੱਚ ਅੱਠ ਏਕੜ ਜ਼ਮੀਨ ਠੇਕੇ ’ਤੇ ਲਈ ਸੀ, ਜਿਸ ’ਤੇ ਉਹ ਖੇਤੀ ਕਰਦਾ ਸੀ। ਅਵਤਾਰ ਸਿੰਘ ਨੇ ਜੋ ਜ਼ਮੀਨ ਠੇਕੇ ’ਤੇ ਲਈ ਸੀ, ਉਹ ਪਹਿਲਾਂ ਮੁਲਜ਼ਮ ਪਲਵਿੰਦਰ ਸਿੰਘ ਅਤੇ ਉਸ ਦੇ ਭਰਾਵਾਂ ਕੋਲ਼ ਠੇਕੇ ’ਤੇ ਸੀ। ਇਸੇ ਗੱਲ ਨੂੰ ਲੈ ਕੇ ਮੁਲਜ਼ਮ ਦੀ ਉਸਦੇ ਨਾਲ ਰੰਜਿਸ਼ ਸੀ। ਪਾਣੀ ਦੀ ਵਾਰੀ ਨੂੰ ਲੈ ਕੇ ਮੁਲਜ਼ਮ ਹਥਿਆਰਾਂ ਨਾਲ ਲੈਸ ਹੋ ਕੇ ਆਏ, ਜਿੱਥੇ ਪਾਣੀ ਮੋੜਨ ਨੂੰ ਲੈ ਕੇ ਅਵਤਾਰ ਸਿੰਘ ਨਾਲ ਉਨ੍ਹਾਂ ਦੀ ਬਹਿਸ ਹੋ ਗਈ ਅਤੇ ਬਾਅਦ ਵਿੱਚ ਲੜਾਈ ਹੋ ਗਈ। ਮੁਲਜ਼ਮ ਪਲਵਿੰਦਰ ਸਿੰਘ ਨੇ ਆਪਣੇ ਭਰਾਵਾਂ ਨਾਲ ਮਿਲ ਕੇ ਅਵਤਾਰ ਸਿੰਘ ਅਤੇ ਉਸ ਦੇ ਲੜਕੇ ਹਰਮੀਤ ਸਿੰਘ ਨੂੰ ਆਪਣੇ ਲਾਇਸੰਸੀ ਹਥਿਆਰਾਂ ਨਾਲ ਕਰੀਬ 5 ਤੋਂ 6 ਰਾਊਂਡ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੁਲੀਸ ਨੇ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।