Breaking News: ਵਿਧਾਇਕ ਗੋਲਡੀ ਕੰਬੋਜ ਦੀ ਕਾਰ ਹੋਈ ਭਿਆਨਕ ਹਾਦਸੇ ਦਾ ਸ਼ਿਕਾਰ
ਬਠਿੰਡਾ 8 ਸਤੰਬਰ ( ਵਿਸ਼ਵ ਵਾਰਤਾ ): ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੀ ਕਾਰ ਐਤਵਾਰ ਦੁਪਹਿਰੇ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਬਠਿੰਡਾ ਤੋਂ ਮਲੋਟ ਸਫਰ ਕਰਦਿਆਂ ਇੱਕ ਤੇਜ਼ ਰਫਤਾਰ ਇਨੋਵਾ ਗੱਡੀ ਨੇ ਉਹਨਾਂ ਦੀ ਕਾਰ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ਦੇ ਵਿੱਚ ਵਿਧਾਇਕ ਗੋਲਡੀ ਕੰਬੋਜ ਦੀ ਕਾਰ ਅੱਗੇ ਚੱਲ ਰਹੀ ਸਰਕਾਰੀ ਪਾਇਲਟ ਕਾਰ ਦੇ ਨਾਲ ਟਕਰਾ ਗਈ ਅਤੇ ਹਾਦਸਾ ਵਾਪਰ ਗਿਆ। ਜਦਕਿ ਵਿਧਾਇਕ ਦੀ ਗੱਡੀ ਨੂੰ ਪਿੱਛੋਂ ਟੱਕਰ ਮਾਰਨ ਵਾਲੀ ਇਨੋਵਾ ਗੱਡੀ ਸੜਕ ਚ ਲੱਗੇ ਸਟਰੀਟ ਲਾਈਟ ਦੇ ਪੋਲ ਵਿੱਚ ਜਾ ਵੱਜੀ। ਇਹ ਹਾਦਸਾ ਬਠਿੰਡਾ ਮਲੋਟ ਰੋਡ ਦੇ ਉੱਪਰ ਵਾਪਰਿਆ ਹੈ। ਇਸ ਦੌਰਾਨ ਗੋਲਡੀ ਕੰਬੋਜ ਆਪਣੇ ਸੁਰੱਖਿਆ ਕਰਮੀਆਂ ਦੇ ਨਾਲ ਸਰਕਾਰੀ ਗੱਡੀ ਦੇ ਵਿੱਚ ਬੈਠ ਕੇ ਮਲੋਟ ਦੇ ਵਿੱਚ ਆਯੋਜਿਤ ਕੀਤੇ ਗਏ ਇੱਕ ਕਿਸਾਨ ਮੇਲੇ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਸਨ। ਹਾਲਾਂਕਿ ਵਿਧਾਇਕ ਅਤੇ ਉਨਾਂ ਦੇ ਸੁਰੱਖਿਆ ਕਰਮੀਆਂ ਦੀ ਜਾਨ ਬਚ ਗਈ ਹੈ ਪਰ ਉਹਨਾਂ ਦੀ ਆਪਣੀ ਗੱਡੀ ਤੋਂ ਇਲਾਵਾ ਪਾਇਲਟ ਗੱਡੀ ਦਾ ਕਾਫੀ ਨੁਕਸਾਨ ਹੋਇਆ ਹੈ। ਹਾਦਸੇ ਵਿੱਚ ਕੋਈ ਵੀ ਵਿਅਕਤੀ ਜਖਮੀ ਨਹੀਂ ਹੋਇਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਟੀਮ ਘਟਨਾ ਵਾਲੀ ਥਾਂ ਤੇ ਪਹੁੰਚ ਗਈ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਪਿੱਛੋਂ ਇੱਕ ਤੇਜ਼ ਰਫਤਾਰ ਆ ਰਹੀ ਗੱਡੀ ਜੋ ਕਿ ਰਾਜਸਥਾਨ ਨੰਬਰ ਦੀ ਸੀ ਉਸ ਨੇ ਵਿਧਾਇਕ ਦੀ ਗੱਡੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਹਾਲਾਂਕਿ ਇਸ ਹਾਦਸੇ ਦੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ,ਪਰ ਫਿਰ ਵੀ ਪੁਲਿਸ ਵੱਲੋਂ ਗੰਭੀਰਤਾ ਦੇ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।