BREAKING NEWS: ਸਪਾਈਡਰਮੈਨ ਦਾ ਦਿੱਲੀ ਪੁਲਿਸ ਨੇ ਕੱਟਿਆ 26 ਹਜ਼ਾਰ ਦਾ ਚਲਾਨ
ਨਵੀਂ ਦਿੱਲੀ 25ਜੁਲਾਈ (ਵਿਸ਼ਵ ਵਾਰਤਾ): ਸਕਾਰਪੀਓ ਕਾਰ ਦੇ ਬੋਨਟ ‘ਤੇ ਬੈਠ ਕੇ ਦਿੱਲੀ ‘ਚ ਘੁੰਮਣਾ ‘ਸਪਾਈਡਰਮੈਨ’ ਨੂੰ ਮਹਿੰਗਾ ਪਿਆ ਹੈ ਤੇ ਪੁਲਸ ਨੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਉਸਦਾ 26,000 ਰੁਪਏ ਦਾ ਚਲਾਨ ਕੱਟਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਰਾਹੀਂ ਸ਼ਿਕਾਇਤ ਮਿਲੀ ਸੀ ਕਿ ਇਕ ਨੌਜਵਾਨ ਸਕਾਰਪੀਓ ਕਾਰ ਦੇ ਬੋਨਟ ‘ਤੇ ਬੈਠਾ ਸਪਾਈਡਰਮੈਨ ਪੋਸ਼ਾਕ ‘ਚ ਦਵਾਰਕਾ ਦੀਆਂ ਸੜਕਾਂ ‘ਤੇ ਘੁੰਮ ਰਿਹਾ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਕਾਰ ਦਾ ਪਿੱਛਾ ਕੀਤਾ ਅਤੇ ਦਵਾਰਕਾ ਦੇ ਰਾਮਫਲ ਚੌਂਕ ਦੇ ਕੋਲ ਇਸਨੂੰ ਫੜ ਲਿਆ। ਉਨ੍ਹਾਂ ਦੱਸਿਆ ਕਿ ਸਪਾਈਡਰਮੈਨ ਦੀ ਪੋਸ਼ਾਕ ਪਹਿਨੇ ਵਿਅਕਤੀ ਦੀ ਪਛਾਣ ਆਦਿਤਿਆ (20) ਵਾਸੀ ਨਜਫਗੜ੍ਹ ਵਜੋਂ ਹੋਈ ਹੈ, ਜਦੋਂ ਕਿ ਕਾਰ ਨੂੰ ਮਹਾਵੀਰ ਐਨਕਲੇਵ ਦਾ ਰਹਿਣ ਵਾਲਾ ਗੌਰਵ ਸਿੰਘ (19) ਚਲਾ ਰਿਹਾ ਸੀ। ਅਧਿਕਾਰੀ ਨੇ ਦੱਸਿਆ ਕਿ ਵਾਹਨ ਦੇ ਮਾਲਕ ਅਤੇ ਡਰਾਈਵਰ ‘ਤੇ ਖਤਰਨਾਕ ਡਰਾਈਵਿੰਗ, ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਨਾ ਹੋਣ, ਸੀਟ ਬੈਲਟ ਤੋਂ ਬਿਨਾਂ ਗੱਡੀ ਚਲਾਉਣ ਦੇ ਦੋਸ਼ਾਂ ਤਹਿਤ ਮੁਕੱਦਮਾ ਚਲਾਇਆ ਗਿਆ, ਜਿਸ ‘ਤੇ ਵੱਧ ਤੋਂ ਵੱਧ 26,000 ਰੁਪਏ ਦਾ ਜ਼ੁਰਮਾਨਾ ਜਾਂ ਕੈਦ ਜਾਂ ਦੋਵੇਂ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਟ੍ਰੈਫਿਕ ਪੁਲਿਸ ਸਾਰੇ ਨਾਗਰਿਕਾਂ ਲਈ ਸੜਕਾਂ ‘ਤੇ ਸੁਰੱਖਿਅਤ ਯਾਤਰਾ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਅਧਿਕਾਰੀ ਨੇ ਕਿਹਾ ਕਿ ਸੜਕ ‘ਤੇ ਅਜਿਹਾ ਵਤੀਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।