Breaking News : ਸਿਆਸਤ ਤੋਂ ਲੈ ਕੇ ਅਫਸਰਸ਼ਾਹੀ ‘ਚ ਘੜਮੱਸ ; ED ਨੇ ਗਮਾਡਾ ਦੇ ਅਮਰੂਦ ਬਾਗ ਘੋਟਾਲੇ ਦੀ ਜਾਂਚ ਕੀਤੀ ਸ਼ੁਰੂ
ਚੰਡੀਗੜ੍ਹ 2 ਅਗਸਤ (ਵਿਸ਼ਵ ਵਾਰਤਾ): ਫੂਡ ਸਪਲਾਈ ਟੈਂਡਰ ਘੁਟਾਲੇ ਦੇ ਵਿੱਚ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਭਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਤੋਂ ਬਾਅਦ ED ਵੱਲੋਂ ਹੁਣ ਮੋਹਾਲੀ ਦੇ ਵਿੱਚ ਹੋਏ ਬਹੁ ਕਰੋੜੀ ਅਮਰੂਦ ਬਾਗ ਘੁਟਾਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਗਮਾਡਾ ਤੋਂ ਅਮਰੂਦਾਂ ਦੇ ਬਾਗ ਦੇ ਮੁਆਵਜ਼ੇ ਵਜੋਂ ਕਰੋੜਾਂ ਰੁਪਈਆ ਹਾਸਲ ਕਰਨ ਵਾਲੇ ਲੋਕਾਂ ਨੂੰ ਸੰਮਨ ਭੇਜੇ ਗਏ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮੁਆਵਜ਼ਾ ਪ੍ਰਾਪਤ ਕਰਨ ਵਾਲੇ ਬਾਕਰਪੁਰ ਪਿੰਡ ਦੇ ਕਿਸਾਨਾਂ ਨੂੰ ਵੀ ਸੰਮਨ ਭੇਜੇ ਗਏ ਹਨ। ਇਸ ਬਹੁ ਕਰੋੜੀ ਅਮਰੂਦ ਬਾਗ ਘੁਟਾਲੇ ਦੀ ED ਵੱਲੋਂ ਜਾਂਚ ਸ਼ੁਰੂ ਹੋਣ ਤੋਂ ਬਾਅਦ ਪੰਜਾਬ ਦੇ ਸਿਆਸੀ ਗਲਿਆਰਿਆਂ ਅਤੇ ਅਫਸਰਸ਼ਾਹੀ ਦੇ ਵਿੱਚ ਇਹ ਖਬਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਇਸ ਵਿੱਚ ਸ਼ਾਮਿਲ ਲੋਕਾਂ ਦੀਆਂ ਨੀਂਦਾਂ ਉੱਡ ਗਈਆਂ ਹਨ। ਇਸ ਵਿੱਚ ਜੁੜੇ ਲੋਕ ਕਿਤੇ ਨਾ ਕਿਤੇ ਇਸ ਜਾਂਚ ਦੇ ਸ਼ੁਰੂ ਹੋਣ ਦੇ ਨਾਲ ਚਿੰਤਾ ਦੇ ਵਿੱਚ ਆ ਗਏ ਹਨ। ਜਾਣਕਾਰੀ ਮੁਤਾਬਿਕ ਤਕਰੀਬਨ 10 ਦੇ ਕਰੀਬ ਉੱਚ ਅਹੁਦਿਆਂ ਤੇ ਤੈਨਾਤ ਅਫਸਰਾਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਹੈ।
ਵਿਜਲੈਂਸ ਵੱਲੋਂ ਇਸ ਅਮਰੂਦ ਬਾਗ ਘੁਟਾਲੇ ਦੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ ਪਰ ਇਸ ਵਿੱਚ ਵੱਡੇ ਪੱਧਰ ਤੇ ਉੱਚ ਅਧਿਕਾਰੀਆਂ ਤੇ ਪਰਿਵਾਰਿਕ ਮੈਂਬਰਾਂ ਦੇ ਨਾਮ ਆਉਣ ਤੋਂ ਬਾਅਦ ਗਲਤ ਤਰੀਕੇ ਨਾਲ ਮੁਆਵਜ਼ਾ ਹਾਸਿਲ ਕਰਨ ਵਾਲੇ ਲੋਕਾਂ ਤੋਂ ਪੈਸਾ ਵਾਪਸ ਲੈਣ ਦੇ ਲਈ ਖ਼ਜ਼ਾਨੇ ਵਿਚ ਪੈਸਾ ਦੁਬਾਰਾ ਜਮਾ ਕਰਾਉਣ ਦੀ ਨੀਤੀ ਅਪਣਾਈ ਗਈ ਸੀ। ਇਸ ਮਾਮਲੇ ਦੇ ਵਿੱਚ ਵਿਜੀਲੈਂਸ ਵੱਲੋਂ ਦਰਜਨ ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਗਈਆਂ ਸਨ ਜਿਨਾਂ ਵਿੱਚ ਵਡੇਰੀ ਉਮਰ ਦੇ ਲੋਕ ਵੀ ਸਨ। ਪਰ ਹੁਣ ਇਹ ਪੂਰਾ ਰਿਕਾਰਡ ਈਡੀ ਨੇ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਹੈ। ਈਡੀ ਵੱਲੋਂ ਕਰੋੜਾਂ ਰੁਪਏ ਦੀ ਰਾਸ਼ੀ ਦੀ ਟਰਾਂਜੈਕਸ਼ਨ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਕਿ ਕਿਹੜੇ ਅਕਾਊਂਟਾਂ ਦੇ ਵਿੱਚ ਕਰੋੜਾਂ ਰੁਪਏ ਦੀ ਰਾਸ਼ੀ ਟ੍ਰਾਂਸਫਰ ਕੀਤੀ ਗਈ ਸੀ। ਇਸ ਮਾਮਲੇ ਦੇ ਵਿੱਚ ਹੁਣ ਵੱਡੇ ਅਧਿਕਾਰੀਆਂ ਅਤੇ ਸੰਭਾਵੀ ਤੌਰ ਤੇ ਸਿਆਸੀ ਪ੍ਰਭਾਵ ਵਾਲੇ ਲੋਕਾਂ ਦੇ ਨਾਮ ਸਾਹਮਣੇ ਆਉਣ ਦੀ ਸੰਭਾਵਨਾ ਹੈ।