Breaking News: ਡੀ.ਏ.ਪੀ. ਖਾਦ ਦੀ ਜਮਾਂਖੋਰੀ ਵਿਰੁੱਧ ਹੋਵੇਗੀ ਸਖਤ ਕਾਰਵਾਈ- ਡਿਪਟੀ ਕਮਿਸ਼ਨਰ
ਖੇਤੀਬਾੜੀ ਵਿਭਾਗ ਵਲੋਂ ਜਿਲ੍ਹੇ ਭਰ ਵਿਚ ਖਾਦ ਵਿਕਰੇਤਾਵਾਂ ਦੀ ਜਾਂਚ
ਖਾਦ ਨਾਲ ਕਿਸੇ ਕਿਸਮ ਦੀ ਟੈਗਿੰਗ ਵਿਰੁੱਧ ਹੋਵੇਗੀ ਖਾਦ ਕੰਟਰੋਲ ਆਰਡਰ 1985 ਤਹਿਤ ਸਖਤ ਕਾਰਵਾਈ
ਕਪੂਰਥਲਾ/ਫਗਵਾੜਾ, 9 ਨਵੰਬਰ (ਵਿਸ਼ਵ ਵਾਰਤਾ):- ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਕਿਹਾ ਹੈ ਕਿ ਜਿਲ੍ਹੇ ਭਰ ਵਿਚ ਲੋੜੀਂਦੀ ਮਾਤਰਾ ਵਿਚ ਡੀ.ਏ.ਪੀ. ਤੇ ਹੋਰ ਖਾਦਾਂ ਦੀ ਉਪਲਬਧਤਾ ਹੈ ਅਤੇ ਕਿਸੇ ਵੀ ਡੀਲਰ ਵਲੋਂ ਖਾਦ ਦੀ ਜਮਾਂਖੋਰੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਹਿਕਾਰੀ ਸੁਸਾਇਟੀਆਂ ਤੇ ਡੀਲਰਾਂ ਰਾਹੀਂ ਕਿਸਾਨਾਂ ਨੂੰ ਖਾਦ ਮੁਹੱਈਆ ਕਰਵਾਈ ਜਾ ਰਹੀ ਹੈ ਤੇ ਜੇਕਰ ਕਿਸੇ ਡੀਲਰ ਵਲੋਂ ਜਮਾਂਖੋਰੀ ਕੀਤੀ ਪਾਈ ਗਈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀਆਂ ਜਿਲ੍ਹਾ ਪੱਧਰੀ ਤੇ ਉਪ ਮੰਡਲ ਪੱਧਰੀ ਟੀਮਾਂ ਵਲੋਂ ਖਾਦ ਵਿਕਰੇਤਾਵਾਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਸ਼੍ਰੀ ਪੰਚਾਲ ਨੇ ਇਹ ਵੀ ਹਦਾਇਤ ਕੀਤੀ ਕਿ ਜੇਕਰ ਕੋਈ ਖਾਦ ਵਿਕਰੇਤਾ ਸਰਕਾਰ ਵਲੋਂ ਨਿਰਧਾਰਿਤ ਰੇਟ ਤੋਂ ਵੱਧ ਵਸੂਲਦਾ ਹੈ ਜਾਂ ਕੋਈ ਟੈਗਿੰਗ ਕਰਦਾ ਹੈ ਤਾਂ ਉਸ ਵਿਰੁੱਧ ਖਾਦ ਕੰਟਰੋਲ ਆਰਡਰ 1985 ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ।
ਇਸੇ ਦੌਰਾਨ ਅੱਜ ਖੇਤੀਬਾੜੀ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵਲੋਂ ਜਿਲ੍ਹੇ ਭਰ ਵਿਚ ਖਾਦ ਵਿਕਰੇਤਾਵਾਂ ਦੀ ਜਾਂਚ ਕੀਤੀ ਗਈ। ਮੁੱਖ ਖੇਤੀਬਾੜੀ ਅਫਸਰ ਡਾ. ਬਲਬੀਰ ਚੰਦ ਦੀ ਅਗਵਾਈ ਵਿਚ ਟੀਮਾਂ ਵਲੋਂ ਮੈਸਰਜ ਕਸਤੂਰੀ ਲਾਲ ਤੇ ਸੁਭਾਸ਼ ਚੰਦਰ, ਮੈਸਰਜ਼ ਅਮੀ ਚੰਦ ਸ਼ਾਦੀ ਰਾਮ, ਮੈਸਰਜ਼ ਬਿ੍ਰਜ ਮੋਹਣ ਐਂਡ ਬ੍ਰਦਰਜ, ਮੈਸਰਜ ਮਨੋਹਰ ਲਾਲ ਪਾਠਕ ਐਂਡ ਸੰਨਜ਼ ਤੇ ਮੈਸਰਜ਼ ਦੀਨਾ ਨਾਥ ਰਾਮ ਸਰੂਪ ਆਦਿ ਡੀਲਰਾਂ ਦੀ ਜਾਂਚ ਕੀਤੀ ਗਈ।
ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਵਿਖੇ ਖੇਤੀਬਾੜੀ ਅਫਸਰ ਗੁਰਪ੍ਰੀਤ ਸਿੰਘ ਤੇ ਡਾ. ਜਸਪਾਲ ਸਿੰਘ ਧੰਜੂ ਖੇਤੀਬਾੜੀ ਵਿਕਾਸ ਅਫਸਰ ਦੀ ਅਗਵਾਈ ਵਿਚ ਟੀਮਾਂ ਵਲੋਂ ਵਿਆਪਕ ਪੱਧਰ ’ਤੇ ਡੀਲਰਾਂ ਦੀ ਜਾਂਚ ਕੀਤੀ ਗਈ।
ਟੀਮਾਂ ਨੇ ਰਾਜ ਪੈਸਟੀਸਾਇਡ ਡਡਵਿੰਡੀ, ਕਿਸਾਨ ਖੇਤੀ ਸਟੋਰ ਡਡਵਿੰਡੀ, ਖਿੰਡਾ ਖੇਤੀ ਸੈਂਟਰ ਸੁਲਤਾਨਪੁਰ ਲੋਧੀ, ਪੰਜਾਬ ਖੇਤੀ ਸਟੋਰ ਸੁਲਤਾਨਪੁਰ ਲੋਧੀ, ਜਨਤਾ ਫਰਟੀਲਾਈਜ਼ਰ ਸੈਂਟਰ ਸੁਲਤਾਨਪੁਰ ਲੋਧੀ, ਜਿੰਮੀਂਦਾਰਾ ਖਾਦ ਸਟੋਰ ਤਲਵੰਡੀ ਚੌਧਰੀਆਂ, ਚੰਦੀ ਪੈਸਟੀਸਾਇਡ ਤਲਵੰਡੀ ਚੌਧਰੀਆਂ, ਦਸ਼ਮੇਸ਼ ਖਾਦ ਸਟੋਰ ਤਲਵੰਡੀ ਚੌਧਰੀਆਂ , ਯੂਨਾਇਟਡ ਸੇਲਜ ਕਾਰਪੋਰੇਸ਼ਨ ਸੁਲਤਾਨਪੁਰ ਲੋਧੀ ਤੇ ਗੁਰੂ ਅਮਰਦਾਸ ਖਾਦ ਸਟੋਰ ਤਲਵੰਡੀ ਚੌਧਰੀਆਂ ਦੀ ਜਾਂਚ ਕੀਤੀ ਗਈ।
ਟੀਮਾਂ ਵਲੋਂ ਜਿੱਥੇ ਕਿਸਾਨਾਂ ਨਾਲ ਲਗਾਤਾਰ ਰਾਬਤਾ ਰੱਖਿਆ ਜਾ ਰਿਹਾ ਹੈ ਉੰਥੇ ਹੀ ਡੀਲਰਾਂ ਦੇ ਸਟਾਕ ਰਜਿਸਟਰਾਂ ਵਿਚ ਦਰਜ ਖਾਦ ਦਾ ਸਟੋਰ ਵਿਚ ਪਈ ਖਾਦ ਨਾਲ ਮਿਲਾਣ ਕੀਤਾ ਗਿਆ।