ਚੰਡੀਗੜ੍ਹ, 24ਸਤੰਬਰ(ਵਿਸ਼ਵ ਵਾਰਤਾ) ਭਾਰਤ ਵਿੱਚ ਕਲੇਡ-1 ਸਟ੍ਰੇਨ ਆਫ ਮੰਕੀਪੌਕਸ (MPox) ਦਾ ਪਹਿਲਾ ਮਰੀਜ਼ ਪਾਇਆ ਗਿਆ ਹੈ। ਦੱਸਣਯੋਗ ਹੈ ਕਿ ਇਹ ਉਹ ਸਟ੍ਰੇਨ ਹੈ ਜਿਸ ਨੂੰ ਵਿਸ਼ਵ ਸਿਹਤ ਸੰਗਠਨ (WHO) ਨੇ ਵਿਸ਼ਵਵਿਆਪੀ ਸਿਹਤ ਐਮਰਜੈਂਸੀ ਘੋਸ਼ਿਤ ਕੀਤਾ ਹੈ। ਜਾਣਕਾਰੀ ਅਨੁਸਾਰ ਮਰੀਜ਼ ਪਿਛਲੇ ਹਫ਼ਤੇ ਯੂਏਈ ਤੋਂ ਕੇਰਲ ਪਰਤਿਆ ਸੀ। ਕੇਰਲ ਦੇ ਸਿਹਤ ਵਿਭਾਗ ਮੁਤਾਬਕ ਪੀੜਤ ਦੀ ਉਮਰ 38 ਸਾਲ ਹੈ। 17 ਸਤੰਬਰ ਨੂੰ, ਉਸਨੇ ਮੰਕੀਪੌਕਸ ਦੇ ਲੱਛਣ ਦਿਖਾਈ ਦੇਣ ਤੋਂ ਬਾਅਦ ਆਪਣੇ ਆਪ ਨੂੰ ਅਲੱਗ ਕਰ ਲਿਆ। ਇਸ ਤੋਂ ਪਹਿਲਾਂ 9 ਸਤੰਬਰ ਨੂੰ ਦੇਸ਼ ਵਿੱਚ ਮੰਕੀਪੌਕਸ ਦੇ ਪਹਿਲੇ ਮਰੀਜ਼ ਦੀ ਪੁਸ਼ਟੀ ਹੋਈ ਸੀ। ਜਿਸ ਵਿੱਚ ਮੰਕੀਪੌਕਸ ਸਟ੍ਰੇਨ ਕਲੇਡ-2 ਦੀ ਪੁਸ਼ਟੀ ਹੋਈ ਸੀ। ਜ਼ਿਕਰਯੋਗ ਹੈ ਕਿ ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਨੇ 14 ਅਗਸਤ ਨੂੰ ਮੰਕੀਪੌਕਸ ਨੂੰ ਇੱਕ ਗਲੋਬਲ ਪਬਲਿਕ ਹੈਲਥ ਐਮਰਜੈਂਸੀ ਘੋਸ਼ਿਤ ਕੀਤਾ ਸੀ। 20 ਅਗਸਤ ਨੂੰ, ਭਾਰਤ ਨੇ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਲੱਗਦੀਆਂ ਸਰਹੱਦਾਂ ਦੇ ਨਾਲ ਦੇਸ਼ ਦੇ ਸਾਰੇ ਬੰਦਰਗਾਹਾਂ ਅਤੇ ਹਵਾਈ ਅੱਡਿਆਂ ‘ਤੇ ਅਲਰਟ ਜਾਰੀ ਕੀਤਾ ਸੀ। ਡਬਲਯੂਐਚਓ ਦੀ ਰਿਪੋਰਟ ਦੇ ਅਨੁਸਾਰ, ਮੰਕੀਪੌਕਸ ਦੀ ਸ਼ੁਰੂਆਤ ਅਫਰੀਕੀ ਦੇਸ਼ ਕਾਂਗੋ ਤੋਂ ਹੋਈ ਹੈ। ਅਫਰੀਕਾ ਦੇ 10 ਦੇਸ਼ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਇਸ ਤੋਂ ਬਾਅਦ ਇਹ ਦੁਨੀਆ ਦੇ ਬਾਕੀ ਦੇਸ਼ਾਂ ਵਿੱਚ ਫੈਲ ਗਈ। ਮੰਕੀਪੌਕਸ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਹਵਾਈ ਯਾਤਰਾ ਅਤੇ ਯਾਤਰਾ ਦੇ ਹੋਰ ਸਾਧਨਾਂ ਰਾਹੀਂ ਫੈਲ ਰਿਹਾ ਹੈ।