Bollywood: ਤਿਹਾੜ ਜੇਲ੍ਹ ‘ਚੋ ਬਾਹਰ ਆਏ ਰਾਜਪਾਲ ਯਾਦਵ
ਨਵੀ ਦਿੱਲੀ, 17 ਫਰਵਰੀ 2026 (ਵਿਸ਼ਵ ਵਾਰਤਾ) – ਅਦਾਕਾਰ ਰਾਜਪਾਲ ਯਾਦਵ ਜੇਲ੍ਹ ਤੋਂ ਰਿਹਾਅ ਹੋ ਗਏ ਹਨ। ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਅਦਾਕਾਰ ਨੂੰ 17 ਫਰਵਰੀ ਦੀ ਸ਼ਾਮ 5 ਵਜੇ ਤਿਹਾੜ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਉਹ ਚੈੱਕ ਬਾਊਂਸ ਕੇਸ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਸਨ। ਹੁਣ ਉਨ੍ਹਾਂ ਨੂੰ ਹਾਈ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲ ਚੁੱਕੀ ਹੈ। ਰਿਹਾਈ ਤੋਂ ਬਾਅਦ ਅਦਾਕਾਰ ਮੀਡੀਆ ਦੇ ਰੂਬਰੂ ਵੀ ਹੋਏ।
ਰਾਜਪਾਲ ਯਾਦਵ ਨੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਮੀਡੀਆ ਨਾਲ ਗੱਲ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਪੂਰੇ ਦੇਸ਼ ਦਾ ਸਮਰਥਨ ਮਿਲਿਆ ਹੈ ਅਤੇ ਜੇਕਰ ਉਨ੍ਹਾਂ ‘ਤੇ ਕੋਈ ਇਲਜ਼ਾਮ ਹੈ, ਤਾਂ ਉਸਦਾ ਜਵਾਬ ਦੇਣ ਲਈ ਉਹ ਹਰ ਜਗ੍ਹਾ ਅਤੇ ਚੌਰਾਹੇ ‘ਤੇ ਉਪਲਬਧ ਰਹਿਣਗੇ। ਨਾਲ ਹੀ ਉਨ੍ਹਾਂ ਕਿਹਾ ਕਿ ਬਾਕੀ ਕਾਨੂੰਨੀ ਗੱਲਾਂ ਸਿਰਫ਼ ਉਨ੍ਹਾਂ ਦੇ ਵਕੀਲ ਭਾਸਕਰ ਉਪਾਧਿਆਏ ਹੀ ਦੱਸ ਸਕਣਗੇ।
ਦੱਸ ਦਈਏ ਕਿ ਰਾਜਪਾਲ ਯਾਦਵ ਨੇ ਦਿੱਲੀ ਹਾਈ ਕੋਰਟ ਦੇ 4 ਫਰਵਰੀ ਦੇ ਹੁਕਮਾਂ ਤੋਂ ਬਾਅਦ 5 ਫਰਵਰੀ ਨੂੰ ਤਿਹਾੜ ਜੇਲ੍ਹ ਵਿੱਚ ਆਤਮ-ਸਮਰਪਣ (ਸਰੈਂਡਰ) ਕੀਤਾ ਸੀ। ਰਾਜਪਾਲ ਯਾਦਵ ਨੇ ਭਤੀਜੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਅਦਾਲਤ ਵਿੱਚ ਅੰਤਰਿਮ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ, ਜਿਸ ‘ਤੇ 12 ਫਰਵਰੀ ਨੂੰ ਸੁਣਵਾਈ ਹੋਈ ਸੀ, ਪਰ ਅਦਾਲਤ ਨੇ ਜ਼ਮਾਨਤ ਨਹੀਂ ਦਿੱਤੀ ਅਤੇ ਸੁਣਵਾਈ 16 ਫਰਵਰੀ ਤੱਕ ਟਾਲ ਦਿੱਤੀ ਸੀ।
ਸੋਮਵਾਰ 16 ਫਰਵਰੀ ਨੂੰ ਰਾਜਪਾਲ ਯਾਦਵ ਵੱਲੋਂ ਵਿਰੋਧੀ ਧਿਰ ਨੂੰ ਡੇਢ ਕਰੋੜ ਰੁਪਏ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਗਈ। ਹਾਲਾਂਕਿ, ਇਹ ਜ਼ਮਾਨਤ ਸਿਰਫ਼ 18 ਮਾਰਚ ਤੱਕ ਮਿਲੀ ਹੈ। 18 ਤਾਰੀਖ਼ ਨੂੰ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਵਿੱਚ ਹਾਜ਼ਰ ਹੋਣਾ ਪਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























